ਸਿੱਖਿਆ ਖੇਤਰ ਦੇ ਕਰਮਸ਼ੀਲ ਯੋਧੇ ਸ਼੍ਰੀ ਬਲਵੰਤ ਧੀਰ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 15 ਫਰਵਰੀ ਨੂੰ
ਕੋਟਈਸੇ ਖਾਂ,15 ਫਰਵਰੀ (ਜਸ਼ਨ) : ਲੋਕਾਂ ਦੇ ਦਿਲਾਂ ’ਚ ਚਿਰਸਦੀਵੀ ਛਾਪ ਛੱਡਣ ਵਾਲੀ ਸ਼ਖਸੀਅਤ ਸਨ ਬਲਵੰਤ ਸਿੰਘ ਧੀਰ । ਮਰਹੂਮ ਸ਼੍ਰੀ ਬਲਵੰਤ ਧੀਰ ਦਾ ਜਨਮ 6 ਸਤੰਬਰ 1927 ‘ਚ ਮਾਤਾ ਮਲਾਵੀ ਦੇਵੀ ਦੀ ਕੁੱਖੋਂ ਪਿਤਾ ਰਾਮ ਲੱਖਾ ਮੱਲ ਧੀਰ ਦੇ ਘਰ ਕੋਟਈਸੇ ਖਾਂ ਵਿਖੇ ਹੋਇਆ । ਉਹ ਬਚਪਨ ਤੋਂ ਹੀ ਪੜ੍ਹਾਈ ‘ਚ ਹੁਸ਼ਿਆਰ ਸਨ ਅਤੇ ਉਹਨਾਂ ਐੱਮ ਐੱਸ ਸੀ ਕੈਮਸਟਰੀ ਅਤੇ ਐੱਮ ਐੱਡ ਤੱਕ ਦੀ ਸਿੱਖਿਆ ਪ੍ਰਾਪਤ ਕਰਕੇ ਆਲਾ ਅਹੁਦਿਆਂ ਦੀ ਸ਼ਾਨ ਵਧਾਈ ਅਤੇ ਬਤੌਰ ਡਿਪਟੀ ਡਾਇਰੈਕਰ ਸਿੱਖਿਆ ਵਿਭਾਗ (ਮੱਧ ਪ੍ਰਦੇਸ਼) ‘ਚ ਆਪਣੀਆਂ ਸੇਵਾਵਾਂ ਦਿੱਤੀਆਂ। ਬਲਵੰਤ ਸਿੰਘ ਧੀਰ ਦਾ ਵਿਆਹ ਰੁੜਕਾ ਕਲਾਂ ਨਿਵਾਸੀ ਸ਼ੰਤੋਸ਼ ਰਾਣੀ ਨਾਲ ਹੋਇਆ ਅਤੇ ਉਹਨਾਂ ਦੇ ਘਰ ਤਿੰਨ ਲੜਕੀਆਂ ਅਤੇ ਇਕ ਲੜਕੇ ਨੇ ਜਨਮ ਲਿਆ । ਉਹਨਾਂ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਜਿਸ ਦੀ ਬਦੌਲਤ ਉਹਨਾਂ ਦੇ ਪੁੱਤਰ ਦੀਪ ਧੀਰ ਨੇ ਸਮਾਜ ਵਿਚ ਆਪਣਾ ਅਹਿਮ ਸਥਾਨ ਬਣਾਇਆ ਹੋਇਆ ਹੈ। ਸਿੱਖਿਆ ਸ਼ਾਸਤਰੀ ਸ਼੍ਰੀ ਬਲਵੰਤ ਧੀਰ ਦੀ ਸ਼ਖਸੀਅਤ ਦਾ ਪ੍ਰਭਾਵ ਉਹਨਾਂ ਦੇ ਭਤੀਜੇ ਚੇਅਰਮੈਨ ਵਿਜੇ ਧੀਰ ’ਤੇ ਵੀ ਪਿਆ ਜਿਸ ਦੀ ਬਦੌਲਤ ਸ਼੍ਰੀ ਵਿਜੇ ਧੀਰ ਨੇ ਸਿਆਸੀ ,ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਆਪਣੀ ਅਹਿਮ ਪਹਿਚਾਣ ਬਣਾਈ। ਸੇਵਾ ਮੁਕਤੀ ਤੋਂ ਬਾਅਦ ਬਲਵੰਤ ਸਿੰਘ ਧੀਰ ਨੇ ਕੋਟਈਸੇ ਖਾਂ ‘ਚ 25 ਲੜਕੀਆਂ ਨੂੰ ਸਾਇੰਸ ਅਤੇ ਹਿਸਾਬ ਵਿਸ਼ੇ ’ਚ ਮਜਬੂਤੀ ਲਈ ਮੁੱਫਤ ਕਲਾਸਾਂ ਦਿੱਤੀਆਂ । ਸ਼੍ਰੀ ਧੀਰ ਦਿ੍ਰੜ ਇੱਛਾ ਸ਼ਕਤੀ ਦੇ ਮਾਲਕ ਸਨ ਅਤੇ ਉਹਨਾਂ ਤਮਾਮ ਉਮਰ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਲੋਕ ਭਲਾਈ ਦੇ ਕੰਮਾਂ ਨੂੰ ਸਰਅੰਜਾਮ ਦਿੰਦੇ ਰਹੇ। ਬੀਤੀ 4 ਫਰਵਰੀ ਨੂੰ ਬਲਵੰਤ ਸਿੰਘ ਧੀਰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹਨਾਂ ਨਮਿੱਤ ਅੰਤਿਮ ਅਰਦਾਸ ਸਮਾਗਮ 15 ਫਰਵਰੀ ਦਿਨ ਸ਼ਨੀਵਾਰ ਨੂੰ ਕੇ ਆਰ ਬੀ ਕਮਿਊਨਟੀ ਹਾਲ ਮਸੀਤਾ ਰੋਡ ਕੋਟਈਸੇ ਖਾਂ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ ਜਿੱਥੇ ਸਮਾਜ ਦੀਆਂ ਵੱਖ ਵੱਖ ਸਖਸ਼ੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।