ਦਰਵੇਸ਼ ਇਨਸਾਨ ਅਤੇ ਮਹਾਨ ਦਾਨੀ ਨੰਬਰਦਾਰ ਕਰਤਾਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 5 ਜਨਵਰੀ ਨੂੰ ਦੌਲਤਪੁਰਾ ਵਿਖੇ

ਮੋਗਾ,4 ਜਨਵਰੀ (ਜਸ਼ਨ): ਨੰਬਰਦਾਰ ਕਰਤਾਰ ਸਿੰਘ ਪੰਥਕ ਪਰਿਵਾਰ ਵਿਚ ਜਨਮੇਂ ਅਤੇ ਸਿੱਖੀ ਲਈ ਪਿਆਰ ਆਪ ਜੀ ਨੂੰ ਗੁੜ੍ਹਤੀ ਵਿਚ ਹੀ ਮਿਲਿਆ। ਜਦੋਂ ਕਰਤਾਰ ਸਿੰਘ ਸਿਰਫ਼ 3 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਸ਼੍ਰੀ ਸੰਤਾ ਸਿੰਘ ਨੰਬਰਦਾਰ ਜੈਤੋ ਦੇ ਮੋਰਚੇ ‘ਚ ਗਏ ਜਿੱਥੇ ਉਹਨਾਂ ਨੂੰ 4 ਸਾਲ ਦੀ ਲਗਾਤਾਰ ਜੇਲ੍ਹ ਯਾਤਰਾ ਕਰਨੀ ਪਈ। ਜਦੋਂ ਪਹਿਲੀ ਵਾਰ ਸਟੇਟ ਦੀਆਂ ਪੰਚਾਇਤਾਂ ਬਣੀਆਂ ਤਾਂ ਪੰਥਕ ਪਿਛੋਕੜ ਸਦਕਾ ਸ. ਕਰਤਾਰ ਸਿੰਘ ਸਰਬਸੰਮਤੀ ਨਾਲ ਸਰਪੰਚ ਬਣੇ ,ਤੇ ਕੁੱਲ 15 ਸਾਲ ਪਿੰਡ ਦੇ ਸਰਪੰਚ ਰਹੇ । ਉਹਨਾਂ ਆਪਣੀ ਨਿੱਜੀ ਕਮਾਈ ‘ਚੋਂ ਪਿੰਡ ਵਿਚ ਦੋ ਧਰਮਸ਼ਾਲਾਵਾਂ ਤਾਮੀਰ ਕਰਵਾਈਆਂ । ਉਹਨਾਂ ਸਾਰੀ ਜ਼ਿੰਦਗੀ ਸਾਦਗੀ ,ਇਮਾਨਦਾਰੀ ਅਤੇ ਲੋਕ ਭਲਾਈ ਲਈ ਕੰਮ ਕਰਦਿਆਂ ਬਤੀਤ ਕੀਤੀ। ਉਹ ਅਮਿ੍ਰਤਧਾਰੀ ਗੁਰਸਿੱਖ ਸਨ ਅਤੇ ਇਲਾਕੇ ਦੇ ਲੋਕ ਇਸ ਪਰਿਵਾਰ ਨੂੰ ਅਕਾਲੀਆਂ ਦੇ ਪਰਿਵਾਰ ਵਜੋਂ ਜਾਣਦੇ ਸਨ। ਨੰਬਰਦਾਰ ਕਰਤਾਰ ਸਿੰਘ ਦੇ ਭੂਆ ਜੀ ਦੇ  ਕੋਈ ਔਲਾਦ ਨਾ ਹੋਣ ਕਰਕੇ ਉਹਨਾਂ ਨੰਬਰਦਾਰ ਕਰਤਾਰ ਸਿੰਘ ਨੂੰ ਆਪਣੇ ਪੁੱਤਰ ਵਾਂਗ ਚਿਤਵਦਿਆਂ ਆਪਣੀ 30 ਏਕੜ ਜ਼ਮੀਨ ਕਰਤਾਰ ਸਿੰਘ ਨੂੰ ਦੇਣ ਦੀ ਇੱਛਾ ਪ੍ਰਗਟ ਕੀਤੀ ਪਰ ਦਰਵੇਸ਼ ਸੁਭਾਅ ਦੇ ਮਾਲਕ ਨੰਬਰਦਾਰ ਕਰਤਾਰ ਸਿੰਘ ਇਹ ਸਾਰੀ 30 ਏਕੜ ਜ਼ਮੀਨ ਫਿਰੋਜ਼ਪੁਰ ਦੇ ਪਿੰਡ ਹਕੂਮਤ ਵਾਲਾ ਵਿਖੇ ਗੁਰਦੁਆਰਾ ਸਾਹਿਬ ਅਤੇ ਸਕੂਲ ਨੂੰ ਦਾਨ ਵਜੋਂ ਦੇ ਕੇ ਸੁਰਖਰੂ ਹੋ ਗਏ।  
ਨੰਬਰਦਾਰ ਕਰਤਾਰ ਸਿੰਘ ਦੇ 2 ਸਪੁੱਤਰ ਅਤੇ 5 ਧੀਆਂ ਹਨ। ਉਹਨਾਂ ਦੇ ਸਪੁੱਤਰ ਸ. ਗੁਰਦੀਪ ਸਿੰਘ ਪੰਥਕ ਸੇਵਾ ਦੀ ਵਿਰਾਸਤ ਨੂੰ ਸੰਭਾਲਦਿਆਂ ਪਿੰਡ ਦੌਲਤਪੁਰਾ ਉੱਚਾ ਦੇ ਸਰਬਸੰਮਤੀ ਨਾਲ ਸਰਪੰਚ ਬਣੇ। ਬਾਪੂ ਜੀ ਦੇ ਸਪੁੱਤਰ ਅਤੇ ਪੋਤਰਾ ਤਲਵਿੰਦਰ ਸਿੰਘ ਯੂ ਐੱਸ ਏ ਵਿਚ ਹਨ ਜਦਕਿ ਪੋਤਰੇ ਸ. ਬੇਅੰਤ ਸਿੰਘ ,ਸਤਿਨਾਮ ਸਿੰਘ,ਅਮਰੀਕ ਸਿੰਘ ,ਪੜਪੋਤਰੇ ਮਨਵੀਰ ਸਿੰਘ ,ਗੁਰਸ਼ਰਨ ਸਿੰਘ ਕਨੇਡਾ ਵਿਚ ਅਤੇ ਪੜਪੋਤੇ ਗੁਰਪ੍ਰੀਤ ਸਿੰਘ ਅਤੇ ਪ੍ਰਭਦਿਆਲ ਸਿੰਘ ਆਸਟਰੇਲੀਆ ਵਿਚ ਸਥਾਪਿਤ ਹੋ ਚੁੱਕੇ ਹਨ । ਨੰਬਰਦਾਰ ਕਰਤਾਰ ਸਿੰਘ 100 ਸਾਲ ਤੋਂ ਉੱਪਰ ਦੀ ਉਮਰ ਭੋਗਦਿਆਂ ਨੱਤਿਆਂ ਵਾਲੇ ਹੋ ਕੇ ਇਕ ਹੱਸਦੀ ਵੱਸਦੀ ਫੁਲਵਾੜੀ ਛੱਡ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ । ਅਜਿਹੇ ਮਨੁੱਖਤਾਵਾਦੀ ਅਤੇ ਦਰਵੇਸ਼ ਤਬੀਅਤ ਦੇ ਮਾਲਕ ਸ. ਕਰਤਾਰ ਸਿੰਘ ਨੰਬਰਦਾਰ ਨਮਿੱਤ ਪਾਠਾਂ ਦੇ ਭੋਗ 5 ਜਨਵਰੀ ਦਿਨ ਐਤਵਾਰ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਦੌਲਤਪੁਰਾ ਉੱਚਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਾਏ ਜਾਣਗੇ ਜਿੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਨੰਬਰਦਾਰ ਕਰਤਾਰ ਸਿੰਘ  ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ । ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਆਖਦੈ ਕਿ ਨੰਬਰਦਾਰ ਕਰਤਾਰ ਸਿੰਘ ਦਾ ਪਰਿਵਾਰ,ਸ਼ੋ੍ਰਮਣੀ ਅਕਾਲੀ ਦਲ ਦਾ ਭਰੋਸੇਯੋਗ ਪਰਿਵਾਰ ਹੈ । ਉਹਨਾਂ ਕਿਹਾ ਕਿ ਜਿਨੀ ਵਾਰੀ ਵੀ ਬਾਦਲ ਪਰਿਵਾਰ ਚੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੜੀ ਤਾਂ ਨੰਬਰਦਾਰ ਕਰਤਾਰ ਸਿੰਘ ਦੇ ਪਰਿਵਾਰ ਨੇ ਹਮੇਸ਼ਾ ਲੰਗਰ ਦੀ ਸੇਵਾ ਦੇ ਨਾਲ ਨਾਲ ਤਨ ਮਨ ਧੰਨ ਨਾਲ ਪਾਰਟੀ ਦੀ ਸੇਵਾ ਕੀਤੀ।