ਸੀਨੀਅਰ ਕਾਂਗਰਸੀ ਆਗੂ ਗੁਰਸੇਵਕ ਸਿੰਘ ਚੀਮਾ ਨੂੰ ਸਦਮਾ,ਮਾਤਾ ਦਲੀਪ ਕੌਰ ਦਾ ਦੇਹਾਂਤ

Tags: 

ਮੋਗਾ,18 ਦਸੰਬਰ(ਜਸ਼ਨ): ਅੱਜ ਸੀਨੀਅਰ ਕਾਂਗਰਸੀ ਆਗੂ ਸ. ਗੁਰਸੇਵਕ ਸਿੰਘ ਚੀਮਾ ,ਗੁਰਪ੍ਰੀਤਮ ਸਿੰਘ ਚੀਮਾ ਅਤੇ ਸਮੁੱਚੇ ਚੀਮਾ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਦਲੀਪ ਕੌਰ ਪਤਨੀ ਸਵਰਗੀ ਠੇਕੇਦਾਰ ਕਰਨੈਲ ਸਿੰਘ ਦਾ ਅੱਜ ਸਵੇਰ ਸਮੇਂ ਦੇਹਾਂਤ ਹੋ ਗਿਆ । ਉਹ 95 ਵਰ੍ਹਿਆਂ ਦੇ ਸਨ । ਮਾਤਾ ਦਲੀਪ ਕੌਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਹਨਾਂ ਦੇ ਜੱਦੀ ਪਿੰਡ ਚੀਮਾ (ਕੜਿਆਲ) ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ,ਧਾਰਮਿਕ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਪਹੁੰਚ ਕੇ ਅੰਤਿਮ ਵਿਦਾੲਗੀ ਦਿੱਤੀ। ਮਾਤਾ ਦਲੀਪ ਕੌਰ ਦੇ ਵੱਡੇ ਸਪੁੱਤਰ ਸ. ਗੁਰਸੇਵਕ ਸਿੰਘ ਚੀਮਾ ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਏਸ਼ਨ ਸੈੱਲ ਪੰਜਾਬ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਮਾਤਾ ਜੀ 95 ਵਰ੍ਹਿਆਂ ਦੇ ਸਨ,ਪਰ ਅੰਤ ਤੱਕ ਤੰਦਰੁਸਤ ਰਹੇ ।  ਪਿਛਲੇ ਇਕ ਦੋ ਦਿਨਾਂ ਵਿਚ ਉਹ ਸਿਹਤ ਪੱਖੋਂ ਥੋੜਾ ਅਸਹਿਜ ਮਹਿਸੂਸ ਕਰ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਪਹਿਲਾਂ ਕੋਟਈਸੇ ਖਾਂ ਅਤੇ ਫਿਰ ਮੋਗਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਜ਼ਿਆਦਾ ਦਵਾਈਆਂ ਨਾ ਦੇ ਕੇ ਛੁੱਟੀ ਦੇ ਦਿੱਤੀ ਸੀ ਪਰ ਅੱਜ ਸਵੇਰ ਸਮੇਂ ਉਹ ਆਪਣਾ ਪੰਜ ਭੂਤਕ ਸ਼ਰੀਰ ਤਿਆਗ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ । ਸ. ਚੀਮਾ ਨੇ ਦੱਸਿਆ ਕਿ ਮਾਤਾ ਜੀ ਪੋਤਿਆਂ ਪੜੋਤਿਆਂ,ਦੋਹਤਿਆਂ ਪੜਦੋਤਿਆਂ ਵਾਲੇ ਸਨ। ਉਹਨਾਂ ਕਿਹਾ ਕਿ ਮਾਂ ਦਾ ਸੰਸਾਰ ਛੱਡ ਕੇ ਚੱਲੇ ਜਾਣ ਦਾ ਉਹਨਾਂ ਦੇ ਪਰਿਵਾਰ ਨੂੰ ਅਸਹਿ ਅਤੇ ਅਕਿਹ ਦੁੱਖ ਹੈ ਪਰ ਮਾਤਾ ਜੀ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਉਹਨਾਂ ਦੀ ਫੁੱਲਵਾੜੀ ਦੇਸ਼ਾਂ ਵਿਦੇਸ਼ਾਂ ਵਿਚ ਮਿਹਨਤ ਕਰਕੇ ਚੀਮਾ ਪਰਿਵਾਰ ਦਾ ਨਾਮ ਰੁਸ਼ਨਾ ਰਹੀ ਹੈ। ਉਹਨਾਂ ਦੱਸਿਆ ਕਿ ਮਾਤਾ ਜੀ ਦੇ ਫੁੱਲ ਚੁਗਣ ਦੀ ਰਸਮ ਕੱਲ 19 ਦਸੰਬਰ ਸਵੇਰ 9.30 ਵਜੇ ਪਿੰਡ ਚੀਮਾ (ਕੜਿਆਲ) ਦੇ ਸ਼ਮਸ਼ਾਨਘਾਟ ਵਿਖੇ ਹੋਵੇਗੀ।