ਸੰਘਰਸ਼ਸ਼ੀਲ ਤੇ ਸ਼ਾਂਤ ਸੁਭਾਅ ਦੇ ਮਾਲਕ ਡਾ: ਜਗੀਰ ਸਿੰਘ ਸੰਧੂ ਨਮਿੱਤ ਪਾਠ ਦਾ ਭੋਗ 16 ਨੂੰ

ਕੋਟ ਈਸੇ ਖਾਂ,15 ਨਵੰਬਰ (ਜਸ਼ਨ):- ਮੋਗਾ ਜ਼ਿਲੇ ਨਾਲ ਸਬੰਧਤ ਕਸਬੇ ਕੋਟਈਸੇ ਖਾਂ ਦੀ ਸਮਾਜਸੇਵੀ ਸ਼ਖਸੀਅਤ ਸ: ਜਗੀਰ ਸਿੰਘ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਨਾਲ ਸਮੁੱਚੇ ਜ਼ਿਲੇ ਵਿਚ ਸ਼ੋਕ ਦੀ ਲਹਿਰ ਹੈ ਅਤੇ ਵੱਖ ਵੱਖ ਖੇਤਰਾਂ ਦੇ ਲੋਕ ਸ: ਜਗੀਰ ਸਿੰਘ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਕਾਰਨ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਨ। ਦਰਅਸਲ ਡਾਕਟਰ ਜਗੀਰ ਸਿੰਘ ਸੰਧੂ ਬਹੁਤ ਹੀ ਨੇਕ ਦਿਲ ਤੇ ਸ਼ਾਂਤ ਸੁਭਾਅ ਵਾਲੇ ਹਰਦਿਲ ਅਜੀਜ਼ ਇਨਸਾਨ ਸਨ। ਡਾਕਟਰ ਜਗੀਰ ਸਿੰਘ ਸੰਧੂ ਦਾ ਜਨਮ 2 ਮਾਰਚ 1944 ਨੂੰ ਪਿਤਾ ਸੋਹਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਤੇਜ ਕੌਰ ਦੀ ਕੁਖੋਂ ਪਿੰਡ ਖੁਦਪੁਰ ਮਾਂਗਾ ਜ਼ਿਲਾ ਲਾਹੌਰ ਪਾਕਿਸਤਾਨ ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਜੀ ਦਾ ਪਰਿਵਾਰ ਪਿੰਡ ਕਮਾਲਗੜ ਆਣ ਵੱਸਿਆ ਤੇ ਅੱਜ ਤੋਂ 20 ਕੁ ਸਾਲ ਪਹਿਲਾਂ ਆਪ ਨੇ ਕੋਟ ਈਸੇ ਖਾਂ ਨੂੰ ਆਪਣੀ ਕਰਮਭੂਮੀ ਬਣਾਇਆ । ਆਪ ਜੀ ਨੇ 10ਵੀਂ ਤੱਕ ਦੀ ਪੜਾਈ ਕੋਟ ਈਸੇ ਖਾਂ ਤੋਂ ਕੀਤੀ, ਪੜਾਈ ਪੂਰੀ ਕਰਨ ਪਿੱਛੋਂ ਆਪ ਜੀ ਸਿਹਤ ਵਿਭਾਗ ਵਿੱਚ ਸਰਵਿਸ ਕਰਨ ਲੱਗੇ। ਆਪ ਜੀ ਦਾ ਵਿਆਹ ਪਿੰਡ ਸ਼ਾਹ-ਅਬੂ-ਬਕਰ ਦੇ ਬਹਾਦਰ ਸਿੰਘ ਦੀ ਪੁੱਤਰੀ ਸਵਰਨ ਕੌਰ ਨਾਲ ਹੋਇਆ। ਆਪ ਜੀ ਦੇ ਘਰ 2 ਬੇਟਿਆਂ ਸੁਖਦੇਵ ਸੰਧੂ ਤੇ ਬਾਦਲ ਸੰਧੂ ਨੇ ਜਨਮ ਲਿਆ, ਜਿੰਨਾਂ ਨੂੰ ਆਪ ਜੀ ਨੇ ਚੰਗੀ ਵਿੱਦਿਆ ਦਿਵਾਈ, ਜਿਸ ਸਦਕਾ ਆਪ ਜੀ ਦਾ ਬੇਟੇ ਸੁਖਦੇਵ ਸੰਧੂ ਅਤੇ ਠੇਕੇਦਾਰ ਬਾਦਲ ਸੰਧੂ ਕਾਰੋਬਾਰੀ ਅਤੇ ਸਮਾਜ ਸੇਵੀ ਵਜੋਂ ਸਮਾਜ ਵਿਚ ਸਤਿਕਾਰਤ ਰੁਤਬਾ ਰੱਖਦੇ ਹਨ। ਆਪ ਜੀ ਦੀ ਧਰਮ ਪਤਨੀ ਦਾ ਸੰਨ 1992 ਵਿਚ ਦੇਹਾਂਤ ਹੋ ਗਿਆ ਸੀ, ਪਤਨੀ ਦੇ ਦੇਹਾਂਤ ਤੋਂ ਬਾਅਦ ਆਪ ਜੀ ਨੇ ਬੱਚਿਆਂ ਨੂੰ ਬਾਪ ਦੇ ਨਾਲ ਨਾਲ ਮਾਂ ਦਾ ਵੀ ਪਿਆਰ ਦਿੱਤਾ। ਡਾਕਟਰ ਜਗੀਰ ਸਿੰਘ ਨੇ ਹਾਲੇ ਪਰਿਵਾਰਕ ਜਿੰਮੇਵਾਰੀਆਂ ਨਿਭਾਉਣੀਆਂ ਹੀ ਸਨ, ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿ ਬੀਤੀ 7 ਨਵੰਬਰ ਨੂੰ ਉਹ ਆਪਣੇ ਪਿੱਛੇ ਸਾਰੇ ਪਰਿਵਾਰ  ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਕੇ ਗੁਰੂੁ ਚਰਨਾਂ ’ਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ 16 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਮਸੀਤਾਂ ਰੋਡ ਕੋਟ ਈਸੇ ਖਾਂ (ਮੋਗਾ) ਵਿਖੇ ਪਵੇਗਾ,ਜਿੱਥੇ ਉਹਨਾਂ ਨੂੰ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।