80 ਮੋਟਰਸਾਈਕਲ ਅਤੇ ਕਾਰ ਸੜ ਕੇ ਸੁਆਹ ,ਖੇਤਾਂ ਵਿੱਚ ਨਾੜ ਨੂੰ ਲਗਾਈ ਹੋਈ ਅੱਗ ਨੇ ਕੰਪਨੀ ਦੇ ਯਾਰਡ ਨੂੰ ਲਿਆ ਆਪਣੀ ਲਪੇਟ ਵਿੱਚ

ਮੋਗਾ ,8 ਮਈ (ਜਸ਼ਨ): ਖੇਤਾਂ ਵਿਚਲੀ ਪਰਾਲੀ ਨੂੰ ਲਗਾਈ ਅੱਗ ਕਾਰਨ ਅੱਜ ਮੋਗਾ ਦੇ ਪਿੰਡ ਦੁਨੇਕੇ ਵਿਖੇ 80 ਦੇ ਕਰੀਬ ਮੋਟਰਸਾਈਕਲ ਅਤੇ ਇੱਕ ਕਾਰ ਸੜ ਕੇ ਸੁਆਹ ਹੋ ਗਈ। ਪਿੰਡ ਦੁੰਨੇਕੇ ਵਿਖੇ ਪੰਕਜ ਮੋਟਰਸ ਕੰਪਨੀ ਦਾ ਯਾਰਡ ਬਣਿਆ ਹੋਇਆ ਹੈ ਜਿੱਥੇ ਸੱਤ ਸੌ ਪੰਜਾਹ ਦੇ ਕਰੀਬ ਨਵੇਂ ਨਕੋਰ ਮੋਟਰਸਾਈਕਲ ਖੜ੍ਹੇ ਕੀਤੇ ਗਏ ਸਨ ।ਦੁਪਹਿਰ ਸਮੇਂ ਨੇੜਲੇ ਖੇਤਾਂ ਵਿੱਚ ਨਾੜ ਨੂੰ ਲਗਾਈ ਹੋਈ ਅੱਗ ਨੇ ਕੰਪਨੀ ਦੇ ਯਾਰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮੋਟਰਸਾਈਕਲ ਅੱਗ ਦੀ ਚਪੇਟ ਵਿੱਚ ਆ ਗਏ ।
ਅੱਗ ਏਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਪੰਜਾਹ ਦੇ ਕਰੀਬ ਮੋਟਰਸਾਈਕਲ ਸੜ ਕੇ ਸੁਆਹ ਹੋ ਚੁੱਕੇ ਸਨ। ਹੋਰਨਾਂ ਮੋਟਰਸਾਈਕਲਾਂ ਦੀ ਅੱਗ ਬੁਝਾਉਂਦਿਆਂ ਫਾਇਰ ਬ੍ਰਿਗੇਡ ਦੀ ਗੱਡੀ ਪਾਣੀ ਦੀ ਥੁੜ ਮਹਿਸੂਸ ਕਰਦੀ ਰਹੀ ।ਕੰਪਨੀ ਦੇ ਬੁਲਾਰੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਕਰੀਬਨ ਪੰਜਾਹ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਜਦਕਿ 80 ਮੋਟਰਸਾਈਕਲ ਇਸ ਅੱਗ ਨਾਲ ਸੜ ਚੁੱਕੇ ਹਨ ।ਸ਼ਾਮ ਸਮੇਂ ਡੀਐੱਸਪੀ ਸਿਟੀ ਅਤੇ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ।
ਜ਼ਿਕਰਯੋਗ ਹੈ ਕਿ ਅਧਿਕਾਰੀ ਅਤੇ ਕਰਮਚਾਰੀ ਚੋਣਾਂ ਵਿੱਚ ਰੁੱਝੇ ਹੋਣ ਕਰਕੇ ਕਈ ਕਿਸਾਨ ਬੇਖੌਫ ਹੋ ਕੇ ਖੇਤਾਂ ਵਿੱਚ ਪਰਾਲੀ ਅਤੇ ਨਾੜ ਨੂੰ ਅੱਗ ਲਗਾ ਰਹੇ ਹਨ ਜਿਸ ਕਰਕੇ ਨਾ ਸਿਰਫ ਪ੍ਰਦੂਸ਼ਣ ਫੈਲ ਰਿਹਾ ਬਲਕਿ ਆਮ ਲੋਕਾਂ ਦੀ ਜ਼ਿੰਦਗੀ ਵੀ ਦਾਅ ਤੇ ਲੱਗੀ ਹੋਈ ਹੈ ।ਖੇਤਾਂ ਨੇੜੇ ਸੜਕਾਂ ਕਿਨਾਰੇ ਲੱਗੇ ਦਰੱਖਤ ਵੀ ਇਸ ਖੇਤਾਂ ਵਿੱਚ ਲਗਾਈ ਅੱਗ ਕਾਰਨ ਝੁਲਸ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ--ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ


