ਰੈਲੀ ‘ਚ ਪਹੁੰਚੇ ਪ੍ਰਦੇਸ਼ ਕਾਂਗਰਸ ਦੇ ਸਮੂਹ ਲੀਡਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਡਾ.ਹਰਜੋਤ ਕਮਲ ਨੇ ਆਖਿਆ‘‘ਲੋਕਾਂ ਦੇ ਭਾਰੀ ਸੈਲਾਬ ਨੇ ਦੇਸ਼ ‘ਚ ਕਾਂਗਰਸ ਦੀ ਸਰਕਾਰ ਲਿਆਉਣ ਤੇ ਲਾਈ ਮੋਹਰ’’

ਮੋਗਾ, 7 ਮਾਰਚ (ਜਸ਼ਨ): ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਖੇ ਹੋਈ ਰੈਲੀ ਵਿੱਚ ਆਏ ਲੋਕਾਂ ਦੇ ਭਾਰੀ ਸੈਲਾਬ ਕਾਰਨ ਇਹ ਰੈਲੀ ਬਹੁਤ ਹੀ ਇਤਿਹਾਸਕ ਸਿੱਧ ਹੋਈ। ਇਸ ਰੈਲੀ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਅਤੇ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਰੈਲੀ ਦੇ ਅੰਤ ਵਿੱਚ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਹੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਇਸ ਰੈਲੀ ਵਿੱਚ ਆਏ ਲੋਕਾਂ ਦੇ ਭਾਰੀ ਹੜ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਮੋਹਰ ਲਗਾਉਣਗੇ ਅਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਕਰਨਗੇ। ਉਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਨੇ ਜੋ ਮੋਗਾ ਵਿੱਚ ਇਹ ਰੈਲੀ ਕਰਕੇ ਮਿਸ਼ਨ-13 ਦੀ ਸ਼ੁਰੂਆਤ ਕੀਤੀ ਹੈ ਉਹ ਉਨਾਂ ਲਈ ਮਾਣ ਵਾਲੀ ਗੱਲ ਹੈ, ਕਿਉਕਿ ਇਹ ਧਰਤੀ ਸਿਆਸੀ ਤੌਰ ਤੇ ਬਹੁਤ ਹੀ ਮਹੱਤਵ ਰੱਖਦੀ ਹੈ। ਉਨਾਂ ਭਰੋਸਾ ਦਵਾਇਆ ਕਿ ਪ੍ਰਦੇਸ਼ ਕਾਂਗਰਸ ਵਲੋਂ ਚਲਾਏ ਗਏ ਮਿਸ਼ਨ-13 ਨੂੰ ਵੱਡੀ ਕਾਮਯਾਬੀ ਹਾਸਿਲ ਹੋਵੇਗੀ ਅਤੇ 2019 ਵਿੱਚ ਰਾਹੁਲ ਗਾਂਧੀ ਜੀ ਦੀ ਪ੍ਰਧਾਨਮੰਤਰੀਸ਼ਿੱਪ ਹੇਠ ਕਾਂਗਰਸ ਦੀ ਸਰਕਾਰ ਬਣੇਗੀ। ਉਨਾਂ ਮੋਗਾ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਸਾਰੇ ਹੀ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਚਾਹੇ ਇਸ ਰੈਲੀ ਲਈ 2.5 ਲੱਖ ਲੋਕਾਂ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਇਸ ਰੈਲੀ ਵਿੱਚ 3 ਲੱਖ ਤੋਂ ਵੀ ਵੱਧ ਲੋਕਾਂ ਦੇ ਭਾਰੀ ਇਕੱਠ ਨੇ ਇਸ ਰੈਲੀ ਨੂੰ ਯਾਦਗਾਰ ਬਣਾ ਦਿੱਤਾ। ਉਨਾਂ ਸਮੂਹ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।