ਦੂਸਰਾ ਕੇਸਧਾਰੀ ਸਿੱਖ ਖਿਡਾਰੀਆਂ ਦਾ ਟੂਰਨਾਮੈਂਟ ਇਤਿਹਾਸਕ ਪੈੜਾਂ ਪਾਉਂਦਾ ਹੋਇਆ ਸਮਾਪਤ,ਸੁਰਜੀਤ ਹਾਕੀ ਬਣੀ ਚੈਂਪੀਅਨ, ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਪੁੱਜੇ

SAHIBZADA AJIT SINGH NAGAR ,3FEB (ਜਗਰੂਪ ਸਿੰਘ ਜਰਖੜ/ INTERNATIONAL PUNJABI NEWS BUREAU) :ਅੱਜ ਮੋਹਾਲੀ ਦੇ ਹਾਕੀ ਸਟੇਡੀਅਮ ਵਿਖੇ ਦੂਸਰਾ ਸਿੱਖ ਕੇਸਧਾਰੀ ਖਿਡਾਰੀਆਂ ਅਧਾਰਤ ਹਾਕੀ ਟੂਰਨਾਮੈਂਟ ਇਤਿਹਾਸਕ ਪੋੈੜਾਂ ਪਾਉਂਦਾ ਸਮਾਪਤ ਹੋਇਆ। ਇਸ ਟੂਰਨਾਮੈਂਟ 'ਚ ਪੰਜਾਬ ਹਰਿਆਣਾ ਦੀਆਂ ਨਾਮੀ 8 ਅਕੈਡਮੀਆਂ ਨੇ ਹਿੱਸਾ ਲਿਆ। ਪਹਿਲਾ ਸਿੱਖ ਕੇਸਧਾਰੀ ਹਾਕੀ ਟੂਰਨਾਮੈਂਟ ਪਿਛਲੇ ਸਾਲ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਾਇਆ ਗਿਆ ਸੀ। ਜਿਥੋਂ ਕੇਸਧਾਰੀ ਖਿਡਾਰੀਆਂ ਦੇ ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਇਸ ਵਰ੍ਹੇ ਮੋਹਾਲੀ ਵਿਖੇ ਖੇਡੇ ਗਏ ਟੂਰਨਾਮੈਂਟ 'ਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਹਰਿਆਣਾ ਨੂੰ 6-3 ਨਾਲ ਹਰਾ ਕੇ ਗੋਲਡ ਕੱਪ ਜਿੱਤਿਆ। ਜਦਕਿ ਫਾਈਨਲ ਤੋਂ ਪਹਿਲਾਂ ਖਡੂਰ ਸਾਹਿਬ ਅਕੈਡਮੀ ਨੇ ਪੀਆਈਐਸ ਹਾਕੀ ਸੈਂਟਰ ਲੁਧਿਆਣਾ ਨੂੰ 8-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਚੈਂਪੀਅਨ ਟੀਮ ਸੁਰਜੀਤ ਹਾਕੀ ਅਕੈਡਮੀ ਨੂੰ ਪ੍ਰਬੰਧਕਾਂ ਨੇ ਗੋਲਡ ਕੱਪ ਟ੍ਰਾਫੀ ਤੋਂ ਇਲਾਵਾ 1 ਲੱਖ ਰੁਪਏ ਦੀ ਇਨਾਮੀ ਰਾਸ਼ੀ, ਉਪਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਤੀਸਰੇ ਸਥਾਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਆ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਕੌਮੀ ਖੇਡ ਹਾਕੀ ਤੇ ਸਿੱਖੀ ਨੂੰ ਬੜ੍ਹਾਵਾ ਦੇਣਾ ਹੈ ਕਿਉਂਕਿ ਇਕ ਵਕਤ ਹੁੰਦਾ ਸੀ ਜਦੋਂ ਭਾਰਤੀ ਟੀਮ 'ਚ 11 ਖਿਡਾਰੀਆਂ 'ਚੋਂ 9-10 ਸਿੱਖ ਖਿਡਾਰੀਆਂ ਜੂੜਿਆਂ ਵਾਲੇ ਖੇਡਦੇ ਸਨ। ਜਦੋਂ ਭਾਰਤੀ ਟੀਮ ਜਿੱਤਦੀ ਸੀ ਤਾਂ ਸਿੱਖ ਕੌਮ ਦੀ ਪਹਿਚਾਣ ਪੂਰੀ ਦੁਨੀਆ 'ਚ ਫੈਲਦੀ ਸੀ। ਵਕਤ ਦੇ ਪੈਣ ਨਾਲ ਭਾਵੇਂ ਸਿੱਖ ਖਿਡਾਰੀ ਤਾਂ ਭਾਰਤੀ ਟੀਮ 'ਚ ਕਾਫੀ ਖੇਡਦੇ ਹਨ ਪਰ ਜ਼ਿਆਦਾਤਰ ਸਿਰੋਂ ਮੋਨੇ ਹੁੰਦੇ ਹਨ। ਇਸ ਕਰਕੇ ਇੰਟਰਨੈਸ਼ਨਲ ਸਿੱਖ ਸਪੋਰਟਸ ਕਾਉਂਸਿਲ ਨੇ ਸਿੱਖ ਖਿਡਾਰੀਆਂ ਨੂੰ ਹਾਕੀ ਪ੍ਰਤੀ ਪ੍ਰੇਰਿਤ ਕਰਨ ਅਤੇ ਸਿੱਖੀ ਨਾਲ ਜੋੜਨ ਦੇ ਇਰਾਦਿਆਂ ਨੂੰ ਲੈ ਕੇ ਇਹ ਉਪਰਾਲਾ ਸ਼ੁਰੂ ਕੀਤਾ ਹੈ। ਜਿਸਦਾ ਨਾਮ ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਰੱਖਿਆ ਗਿਆ ਹੈ। ਅੱਜ ਫਾਈਨਲ ਸਮਾਰੋਹ 'ਤੇ ਪਦਮਭੂਸ਼ਣ ਐਵਾਰਡੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਸਾਬਕਾ ਖੇਡ ਮੰਤਰੀ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕਾਉਂਸਲ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਯਤਨਾਂ ਨੂੰ ਸਲਾਮ ਕੀਤਾ ਆਪਣੇ ਅਖਤਿਆਰੀ ਕੋਟੇ 'ਚੋਂ 2 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਢੀਂਡਸਾ ਸਾਬ੍ਹ ਨੇ ਡੇਰਾ ਸੌਦਾ ਸਾਧ ਨੂੰ ਜੇਲ੍ਹ ਦੀਆਂ ਸਲਾਖਾਂ 'ਚ ਪਹੁੰਚਾਉਣ ਵਾਲੇ ਉਸਦੇ ਡਰਾਈਵਰ ਖੱਟਾ ਸਿੰਘ, 1984 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਮੌਕੇ ਜਹਾਜ਼ ਅਗਵਾ ਕਰਨ ਵਾਲੇ ਹਾਈਜੈਕਰ ਤੇਜਿੰਦਰ ਸਿੰਘ, ਉੱਘੇ ਸਮਾਜ ਸੇਵੀ ਓ.ਪੀ ਵਰਮਨਾ, ਆਦਿ ਹੋਰ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਹੋਰ ਉੱਘੀਆਂ ਸ਼ਖਸੀਅਤਾਂ ਦਾ ਸਨਮਾਨ ਹੋਇਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਅਕਾਲੀ ਆਗੂ ਨਿਧੜਕ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੰਤਰਰਾਸ਼ਟਰੀ ਸਿੱਖ ਸਪੋਰਟਸ ਕਾਉਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ, ਪ੍ਰਧਾਨ ਜਸਵੀਰ ਸਿੰਘ ਮੁਹਾਲੀ, ਅੰਮ੍ਰਿਤਪਾਲ ਸਿੰਘ, ਮਹਾਂਵੀਰ ਸਿੰਘ, ਗੁਰਦੀਪ ਸਿੰਘ, ਮਨਮੋਹਣ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ ਭੁੰਮਰਾ, ਸ਼੍ਰੀਮਤੀ ਮਨਦੀਪ ਕੌਰ ਸੰਧੂ, ਸਾਹਿਬਜੀਤ ਸਿੰਘ ਜਰਖੜ ਅਤੇ ਹੋਰ ਪ੍ਰਬੰਧਕ ਤੇ ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਡਾਇਰੈਕਟਰ ਪੀਰ ਮੁਹੰਮਦ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕੁੱਲ ਮਿਲਾ ਕੇ ਅੰਤਰਰਾਸ਼ਟਰੀ ਸਿੱਖ ਸਪੋਰਟਸ ਕਾਉਂਸਲ ਦੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਅਤੇ ਆਉਣ ਵਾਲੇ ਭਵਿੱਖ 'ਚ ਇਹ ਟੂਰਨਾਮੈਂਟ ਸਿੱਖ ਖਿਡਾਰੀਆਂ ਲਈ ਸੋਨੇ ਤੇ ਸੁਹਾਗਾ ਸਹਾਈ ਹੋਏਗਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


