ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ‘ਚ ਸੰਵਿਧਾਨ ਸੰਪੂਰਨਤਾ ਅਤੇ ਝੰਡਾ ਦਿਵਸ ਮਨਾਇਆ

ਸੁਖਾਨੰਦ,8 ਦਸੰਬਰ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਸ਼ਸਤਰ ਸੈਨਾ ਝੰਡਾ ਦਿਵਸ ਅਤੇ ਸੰਵਿਧਾਨ ਸੰਪੂਰਨਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਹ ਆਯੋਜਨ ਕਾਲਜ ਦੀ ਡਾ.ਬੀ.ਆਰ. ਅੰਬੇਡਕਰ ਸੁਸਾਇਟੀ ਦੁਆਰਾ ਕੀਤਾ ਗਿਆ। ਇਸ ਮੌਕੇ ਮੈਡਮ ਸਤਵਿੰਦਰ ਕੌਰ ਮੁਖੀ ਇਤਿਹਾਸ ਵਿਭਾਗ ਨੇ ਸੁਤੰਤਰ ਦੇਸ਼ ਵਿੱਚ ਸੰਵਿਧਾਨ ਦੀ ਮਹੱਤਤਾ ਅਤੇ ਇਸਦੇ ਨਿਰਮਾਣ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਯੋਗਦਾਨ ਉੱਪਰ ਚਰਚਾ ਕੀਤੀ। ਸੁਸਾਇਟੀ ਦੀਆਂ ਮੈਂਬਰ ਵਿਦਿਆਰਥਣਾਂ ਨੇ ਸੰਵਿਧਾਨ ਦੇ ਖੇਤਰ,ਉਦੇਸ਼, ਨਿਰਮਾਣ ਦੇ ਨਾਲ-ਨਾਲ, ਮੌਲਿਕ ਅਧਿਕਾਰਾਂ, ਨਾਗਰਿਕਾਂ ਦੇ ਕਰਤੱਵਾਂ ਅਤੇ ਸੰਵਿਧਾਨ ਦੀ ਧਾਰਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੈਡਮ ਅਮਨਦੀਪ ਕੌਰ ਸਹਾਇਕ ਪ੍ਰੋਫੈਸਰ, ਰਾਜਨੀਤੀ ਸ਼ਾਸਤਰ ਵਿਭਾਗ ਨੇ ਸੰਵਿਧਾਨ ਸੰਪੂਰਨਤਾ ਦਿਵਸ ਅਤੇ ਲਾਗੂ ਕਰਨ ਦੀ ਮਿਤੀ ਦੇ ਵੱਖ ਹੋਣ ਦੇ ਕਾਰਨਾਂ ਉੱਪਰ ਚਾਨਣਾ ਪਾਇਆ। ਉਪਰੰਤ ਸਸ਼ਸਤਰ ਸੈਨਾ ਝੰਡਾ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਮੈਡਮ ਸੁਨੀਤਾ, ਇਤਿਹਾਸ ਵਿਭਾਗ ਨੇ ਕਿਹਾ ਕਿ ਸਾਡੀ ਆਜ਼ਾਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੀ ਪੂਰਤੀ ਕਰਦੇ ਹੋਏ ਹਰ ਸਾਲ ਸੈਂਕੜੇ ਜਵਾਨ ਸਰਹੱਦਾਂ ਦੀ ਰਾਖੀ ਲਈ ਕੁਰਬਾਨ ਹੋ ਜਾਂਦੇ ਹਨ। ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਸ਼ਰਧਾਂਜ਼ਲੀ ਦੇ ਤੌਰ ਤੇ 7 ਦਸੰਬਰ ਨੂੰ ਝੰਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ, ਸਿੱਖਿਅਕ ਸੰਸਥਾਵਾਂ ਵਿੱਚ ਝੰਡੇ ਤਕਸੀਮ ਕੀਤੇ ਜਾਂਦੇ ਹਨ ਅਤੇ ਇਸ ਦੇ ਏਵਜ ਵਿੱਚ ਇਕੱਤਰ ਕੀਤਾ ਧੰਨ ਸ਼ਹੀਦਾਂ ਦੇ ਪਰਿਵਾਰਾਂ ਦੇ ਹਿੱਤਾਂ ਲਈ ਖਰਚ ਕੀਤਾ ਜਾਂਦਾ ਹੈ। ਕਾਲਜ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ, ਉਪ ਪਿੰ੍ਰਸੀਪਲ ਮੈਡਮ ਗੁਰਜੀਤ ਕੌਰ ਨੇ ਵੀ ਇਸ ਸਮੇਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਸੰਵਿਧਾਨ ਸੰਪੂਰਨਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਝੰਡਾ ਦਿਵਸ ਲਈ ਸਵੈ ਇੱਛਾ ਨਾਲ ਦਾਨ ਦੇਣ ਲਈ ਪ੍ਰੇਰਿਤ ਕੀਤਾ।


