ਵਿਧਾਇਕ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਖਿਲਾਫ਼ ਅਪਰਾਧਿਕ ਸ਼ਿਕਾਇਤ ਕਰਵਾਈ ਦਰਜ,ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਲਗਾਇਆ ਸੀ ਦੋਸ਼,ਵਿਧਾਇਕ ਨੇ ਭੇਜਿਆ ਸੀ ਮਾਣਹਾਨੀ ਦਾ ਨੋਟਿਸ

ਮੋਗਾ,15 ਜੁਲਾਈ (ਜਸ਼ਨ) :ਮੋਗਾ ਵਿਖੇ ਜ਼ਮੀਨ ਅਧਿਕਰਨ ਸਬੰਧੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਖਿਲਾਫ਼ ਅੱਜ ਵਿਧਾਇਕ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਖਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾ ਦਿੱਤੀ । ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਚੰਡੀਗੜ੍ਹ ਵਿਖੇ 10 ਜੂਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਦੋਸ਼ ਲਗਾਇਆ ਸੀ ਜਦਕਿ ਵਿਧਾਇਕ ਡਾ: ਹਰਜੋਤ ਕਮਲ ਨੇ 15 ਜੂਨ ਨੂੰ ਚੀਮਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ  ।  ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਚੀਮਾ ਵੱਲੋਂ ਨਵੀਂ ਨਿਰਮਾਣ ਹੋ ਰਹੀ ਨੈਸ਼ਨਲ ਹਾਈਵੇਅ 105 ਬੀ ਲਈ ਮੋਗਾ ਵਿਖੇ ਜ਼ਮੀਨ ਅਧਿਕਰਨ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਚੀਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ  ਮਹਿਜ਼ ਉਹਨਾਂ ਦੀ ਛਬੀ ਖਰਾਬ ਕਰਨ ਲਈ ਮਨਘੜਤ ਬੇਸਮਝੀ ਵਾਲੀ ਸਾਜਿਸ਼ ਕਰਾਰ ਦਿੰਦਿਆਂ ਸ. ਚੀਮਾ ਨੂੰ ਆਪਣੇ ਵਕੀਲ ਹਰਦੀਪ ਸਿੰਘ ਲੋਧੀ ਰਾਹੀਂ ਮਾਣਹਾਨੀ ਦਾ ਨੋਟਿਸ ਭੇਜਿਆ ਸੀ ਪਰ ਚੀਮਾ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਉਪਰੰਤ ਅੱਜ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ।  ਡਾ: ਹਰਜੋਤ ਨੇ ਆਖਿਆ ਕਿ ਚੀਮਾ ਵੱਲੋਂ ਲਗਾਏ ਦੋਸ਼ ਪੂਰੀ ਤਰਾਂ ਨਾਸਮਝੀ ਵਿਚ ਲਗਾਏ ਬੇਤੁਕੇ ਦੋਸ਼ ਸਨ ਕਿਉਂਕਿ 350 ਕਰੋੜ ਦੀ ਟਰਾਂਸਫਰ ਵਾਲੇ ਐਕਸਿਸ ਬੈੱਂਕ ਦਾ ਜ਼ਿਕਰ ਕਰਨ ਵਾਲੇ ਚੀਮਾ ਸਾਬ੍ਹ ਨੂੰ ਇਹ ਵੀ ਨਹੀਂ ਪਤਾ ਕਿ ਮੋਗਾ ਦੇ ਅਜੀਤਵਾਲ ਕਸਬੇ ਵਿਚ ਐਕਸਿਸ ਬੈਂਕ ਦੀ ਕੋਈ ਬਰਾਂਚ ਹੈ ਹੀ ਨਹੀਂ  । ਉਹਨਾਂ ਆਖਿਆ ਕਿ ਇਹਨਾਂ ਬੇਬੁਨਿਆਦ ਦੋਸ਼ਾਂ ਦੇ ਮੱਦੇਨਜ਼ਰ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਕੇ ਹਰਪਾਲ ਸਿੰਘ ਚੀਮਾ ਦੇ ਲਗਾਏ ਦੋਸ਼ਾਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਬੇਨਤੀ ਕਰਨ ਦੇ ਨਾਲ ਨਾਲ ਚੀਮਾਂ ਵੱਲੋਂ ਲਗਾਏ ਬੇਬੁਨਿਆਦ ਇਲਜ਼ਾਮਾਂ ਦੇ ਮੱਦੇਨਜ਼ਰ ਹਰਪਾਲ ਸਿੰਘ ਚੀਮਾ ਖਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਡਾ: ਹਰਜੋਤ ਕਮਲ ਸਿੰਘ ਨੇ ਪੱਤਰਕਾਰਾਂ ਨੂੰ ਆਖਿਆ ਕਿ ਬਿਨਾਂ ਤੱਥਾਂ ਦੀ ਤਸਦੀਕ ਕੀਤਿਆਂ ਲੋਕਾਂ ਦੇ ਚੁਣੇ ਨੁਮਾਇੰਦੇ ’ਤੇ ਇਲਜ਼ਾਮ ਤਰਾਸ਼ੀ ਕਰਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾਂ ਨੂੰ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਸੀ । ਉਹਨਾਂ ਕਿਹਾ ਕਿ ਜੇ ਸ. ਚੀਮਾ ਕਿਸੇ ਘਪਲੇ ਦੀ ਜਾਂਚ ਦੀ ਮੰਗ ਕਰਦੇ ਤਾਂ ਉਹ ਜਾਇਜ਼ ਗੱਲ ਸੀ ਪਰ ਤੱਥਾਂ ਰਹਿਤ ਇਲਜ਼ਾਮਬਾਜ਼ੀ ਸ਼ੋਭਾ ਨਹੀਂ ਦਿੰਦੀ ,ਖਾਸਕਰ ਇਕ ਪੜ੍ਹੇ ਲਿਖੇ ਵਕੀਲ ਅਤੇ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਵਕਾਰੀ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਸ. ਚੀਮਾਂ ਤੋਂ ਤਾਂ ਅਜਿਹੀ ਆਸ ਬਿਲਕੁੱਲ ਹੀ ਨਹੀਂ ਕੀਤੀ ਜਾ ਸਕਦੀ ਸੀ । ਉਹਨਾਂ ਆਖਿਆ ਕਿ ਸ. ਚੀਮਾ ਵੀ ਨਿੱਜੀ ਤੌਰ ’ਤੇ ਮੇਰੇ ਕਿਰਦਾਰ ਤੋਂ ਵਾਕਿਫ਼ ਹਨ ਅਤੇ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਸਚਾਈ ’ਤੇ ਮਾਰਗ ’ਤੇ ਚੱਲਣ ਕਰਕੇ ਹੀ ਮੈਨੂੰ ਵਿਧਾਇਕ ਵਜੋਂ ਪਰਵਾਨਿਆ ਹੈ। ਉਹਨਾਂ ਦੱਸਿਆ ਕਿ ਸ. ਚੀਮਾਂ ਵੱਲੋਂ ਲਗਾਏ ਦੋਸ਼ਾਂ ਦੀ ਉਹਨਾਂ ਨੂੰ ਦਿਲੀ ਠੇਸ ਪਹੁੰਚੀ ਹੈ , ਇਸ ਕਰਕੇ ਉਹ  ਸ. ਚੀਮਾਂ ਨੂੰ  ਆਪਣੇ ਵਕੀਲ ਰਾਹੀਂ 15 ਜੂਨ ਨੂੰ ਮਾਣਹਾਨੀ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ ਪਰ ਕੋਈ ਜਵਾਬ ਨਾ ਆਉਣ ’ਤੇ ਇਕ ਮਹੀਨਾ ਬੀਤਣ ਉਪਰੰਤ ਉਹਨਾਂ ਕਾਨੂੰਨ ਦਾ ਰਸਤਾ ਅਖਤਿਆਰ ਕੀਤਾ ਹੈ ਅਤੇ ਇਸਤਗਾਸਾ ਫਾਈਲ ਕਰਦਿਆਂ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ ਤੇ ਇੰਜ ਹੁਣ ਸ. ਚੀਮਾ ਨੂੰ ਆਪਣਾ ਜਵਾਬ ਕਚਹਿਰੀ ਵਿਚ ਪੇਸ਼ ਹੋ ਕੇ ਹੀ ਦੇਣਾ ਪਵੇਗਾ। ਉਹਨਾਂ ਆਖਿਆ ਕਿ ਮਾਣਹਾਨੀ ਨੌਟਿਸ ਰਾਹੀਂ ਉਹਨਾਂ ਪੈਸੇ ਦੀ ਮੰਗ ਨਹੀਂ ਸੀ ਕੀਤੀ ਬਲਕਿ ਬਿਨਾ ਸ਼ਰਤ ਉਸੇ ਤਰਾਂ ਪ੍ਰੈਸ ਕਾਨਫਰੰਸ ਰਾਹੀਂ ਹੀ ਸ. ਚੀਮਾ ਵੱਲੋਂ ਇਸ ਕੁਤਾਹੀ ਲਈ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਸੀ ।  ਡਾ: ਹਰਜੋਤ ਦੇ ਵਕੀਲ ਸ. ਹਰਦੀਪ ਸਿੰਘ ਲੋਧੀ ਨੇ ਦੱਸਿਆ ਕਿ ਰਜਿਸਟਰਡ ਡਾਕ ਰਾਹੀਂ ਨੋਟਿਸ ਤਿੰਨਾਂ ਦਿਨਾਂ ਵਿਚ ਪਹੰੁਚ ਜਾਂਦਾ ਹੈ ਪਰ ਪ੍ਰਾਪਤ ਕਰਤਾ ਕੋਲ ਨਾ ਪਹੁੰਚਣ ਦੀ ਹਾਲਤ ਵਿਚ ਇਕ ਹਫਤੇ ਅੰਦਰ ਵਾਪਸ ਆਉਣਾ ਚਾਹੀਦਾ ਸੀ ਪਰ ਨਹੀਂ ਆਇਆ ਇਸ ਦਾ ਮਤਲਬ ਹੈ ਕਿ ਨੋਟਿਸ ਸ. ਚੀਮਾ ਨੂੰ ਪਹੰੁਚ ਚੁੱਕਾ ਹੈ  ਇਸ ਕਰਕੇ ਧਾਰਾ 499 ਅਤੇ 500 ਆਈ ਪੀ ਸੀ ਤੋਂ ਇਲਾਵਾ 66 ਏ ਆਈ ਟੀ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। 
ਕੈਪਸ਼ਨ : ਵਿਧਾਇਕ ਡਾ: ਹਰਜੋਤ ਕਮਲ