ਨਵਤੇਜ ਗੁੱਗੂ ਤੇ ਦਰਜ ਪਰਚਾ ਰੱਦ ਨਾ ਹੋਇਆ ਤਾਂ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕਰਨਗੀਆਂ ਸੰਸਥਾਵਾਂ

ਮੋਗਾ, 14 ਜੁਲਾਈ (ਜਸ਼ਨ) : ਬਟਾਲਾ ਸ਼ਹਿਰ ਵਿੱਚ ਚੈਰੀਟੇਬਲ ਹਸਪਤਾਲ ਚਲਾ ਰਹੇ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਤੇ ਸਰਕਾਰ ਵੱਲੋਂ ਦਰਜ ਕੀਤਾ ਨਜਾਇਜ਼ ਪਰਚਾ ਤੁਰੰਤ ਰੱਦ ਨਾ ਕੀਤਾ ਤਾਂ ਮੋਗਾ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਰੋਸ ਵਜੋਂ ਸਾਰੇ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕਰਨਗੀਆਂ ।  ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਸਰਬੱਤ ਦਾ ਭਲਾ ਦਫਤਰ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਕਰਨ ਉਪਰੰਤ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਜਦ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਲੋਕਾਂ ਦੀ ਮੱਦਦ ਕਰਦੀਆਂ ਹਨ ਜਿਵੇਂ ਕਿ ਹੜਾਂ ਅਤੇ ਕਰੋਨਾ ਦੇ ਦੌਰਾਨ ਸਮਾਜ ਸੇਵੀ ਸੰਸਥਾਵਾਂ ਨੇ ਮੋਰਚਾ ਸਾਂਭਿਆ ਹੈ ਤੇ ਲੋਕਾਂ ਵਿੱਚ ਸਰਕਾਰ ਪ੍ਤੀ ਨਾਰਾਜ਼ਗੀ ਪੈਦਾ ਨਹੀਂ ਹੋਣ ਦਿੱਤੀ ਪਰ ਸਰਕਾਰ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਸਮਾਜ ਸੇਵੀ ਆਗੂਆਂ ਨੂੰ ਗਿਣੀ ਮਿਥੀ ਸ਼ਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ, ਜਿਸ ਨੂੰ ਸਮਾਜ ਸੇਵੀ ਸੰਸਥਾਵਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ । ਉਹਨਾਂ ਕਿਹਾ ਕਿ ਸਭ ਸੰਸਥਾਵਾਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਸਰਕਾਰ ਨੇ ਨਵਤੇਜ ਗੁੱਗੂ ਤੇ ਦਰਜ ਕੀਤਾ ਨਜਾਇਜ਼ ਪਰਚਾ ਤੁਰੰਤ ਰੱਦ ਕਰਕੇ ਉਸ ਨੂੰ ਤੁਰੰਤ ਰਿਹਾ ਕੀਤਾ ਤਾਂ ਸਾਰੇ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ ਦੇ ਪ੍ਧਾਨ ਜਸਵਿੰਦਰ ਸਿੰਘ ਸਰਾਂ ਅਤੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਅਜਿਹੇ ਲੋਕ ਨਾਇਕਾਂ ਤੇ ਜੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾ ਕਿਹਾ ਕਿ ਨਵਤੇਜ ਗੁੱਗੂ ਲੋਕਾਂ ਦਾ ਹੀਰੋ ਹੈ ਤੇ ਸਰਕਾਰ ਨੂੰ ਉਸ ਤੇ ਕੀਤਾ ਜੁਲਮ ਮਹਿੰਗਾ ਪਵੇਗਾ, ਇਸ ਲਈ ਇਸ ਤੋਂ ਪਹਿਲਾਂ ਕਿ ਪੰਜਾਬ ਭਰ ਦੀਆ ਸੰਸਥਾਵਾਂ ਇਸ ਸੰਘਰਸ਼ ਵਿੱਚ ਕੁੱਦ ਪੈਣ, ਉਸ ਤੋਂ ਪਹਿਲਾਂ ਹੀ ਸਰਕਾਰ ਨੂੰ ਸਮਾਂ ਵਿਚਾਰ ਲੈਣਾ ਚਾਹੀਦਾ ਹੈ ਤੇ ਅਕਲ ਤੋਂ ਕੰਮ ਲੈਂਦਿਆਂ ਨਵਤੇਜ ਗੁੱਗੂ ਤੇ ਦਰਜ਼ ਨਜਾਇਜ਼ ਪਰਚਾ ਤੁਰੰਤ ਰੱਦ ਕਰਨਾ ਚਾਹੀਦਾ ਹੈ। ਉਹਨਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਟਕਰਾਅ ਦੀ ਨੀਤੀ ਦੇ ਗੰਭੀਰ ਸਿੱਟੇ ਨਿਕਲਣਗੇ, ਜਿਸ ਦੀ ਜਿੰਮੇਵਾਰੀ ਨਿਰੋਲ ਸਰਕਾਰ ਦੀ ਹੋਵੇਗੀ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ, ਅਦਾਰਾ ਮਹਿਕ ਵਤਨ ਦੀ ਐਡੀਟਰ ਭਵਨਦੀਪ ਪੁਰਬਾ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਨਾਮ ਸਿੰਘ ਲਵਲੀ, ਪੱਤਰਕਾਰ ਜਗਰੂਪ ਸਿੰਘ ਸਰੋਆ, ਸਮਾਜ ਸੇਵੀ ਸੁਖਦੇਵ ਸਿੰਘ ਬਰਾੜ, ਹਰਭਿੰਦਰ ਸਿੰਘ ਜਾਨੀਆਂ, ਰਾਮ ਸਿੰਘ ਜਾਨੀਆਂ, ਜਸਵੰਤ ਸਿੰਘ ਪੁਰਾਣੇਵਾਲਾ, ਮਨਮੋਹਨ ਸਿੰਘ ਚੀਮਾ, ਰਾਗੀ ਅਤੇ ਢਾਡੀ ਸਭਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੱਡੂਵਾਲ ਨੇ ਵੀ ਸਰਕਾਰ ਦੇ ਇਸ ਕਦਮ ਦੀ ਪੁਰਜੋਰ ਨਿੰਦਾ ਕਰਦੇ ਹੋਏ ਨਵਤੇਜ ਗੁੱਗੂ ਤੇ ਦਰਜ ਨਜਾਇਜ਼ ਪਰਚਾ ਤੁਰੰਤ ਰੱਦ ਕਰਕੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ।