ਗਰਭਵਤੀ ਮਹਿਲਾਵਾਂ ਦੇ ਘਰ ਨੇੜੇ ਜਾ ਕੇ ਕੋਰੋਨਾ ਦੇ ਸੈਂਪਲ ਲੈਣ ਦੀ ਚਲਾਈ ਮੁਹਿੰਮ: ਡਾ ਗਿੱਲ

ਮੋਗਾ,  08 ਜੁਲਾਈ (ਜਸ਼ਨ ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਸਿਹਤ ਬਲਾਕ ਡਰੋਲੀ ਭਾਈ ਦੀਆਂ ਮੋਬਾਈਲ ਟੀਮਾਂ ਵੱਲੋਂ ਗਰਭਵਤੀ ਮਹਿਲਾਵਾਂ ਦੇ ਕੋਵਿਡ 19 ਦੇ ਟੈਸਟ ਕਰਨ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਗਰਭਵਤੀ ਮਹਿਲਾਵਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਤੇ ਉਹਨਾਂ ਨੂੰ ਘਰ ਨੇੜੇ ਹੀ ਸਰਕਾਰੀ ਸਹੂਲਤ ਮਿਲ ਸਕੇ।ਸਿਹਤ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ ਬੀਈਈ ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਪਹਿਲਾਂ ਫਲੂ ਵਰਗੇ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ ਲੈ ਚੁੱਕੀਆਂ ਹਨ। ਹੁਣ ਇਹਨਾਂ ਟੀਮਾਂ ਨੂੰ ਗਰਭਵਤੀ ਮਹਿਲਾਵਾਂ ਦੇ ਸੈਂਪਲ ਲੈਣ ਲਈ ਪਿੰਡ-ਪਿੰਡ ਭੇਜਿਆ ਜਾ ਰਿਹਾ ਹੈ। ਡਾ ਗਿੱਲ ਨੇ ਦੱਸਿਆ ਕਿ ਪਿੰਡ ਖੁਖਰਾਣਾ ਤੋਂ ਸ਼ੁਰੂਆਤ ਕੀਤੀ ਗਈ ਹੈ, ਜਿਥੇ ਪਹਿਲੇ ਦਿਨ ਹੀ 45 ਗਰਭਵਤੀ ਮਹਿਲਾਵਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ।ਉਹਨਾਂ ਦੱਸਿਆ ਕਿ ਮੋਬਾਈਲ ਟੀਮ ਵਿੱਚ ਰਾਮਪਾਲ ਸਿੰਘ ਮੈਡੀਕਲ ਲੈਬ ਟੈਕਨੀਸ਼ੀਅਨ ਗਰੇਡ1, ਸਿਹਤ ਸੁਪਰਵਾਈਜ਼ਰ ਜਿੰਦ ਕੌਰ, ਸੀ ਐਚ ਓ ਅਮਨਦੀਪ ਕੌਰ ਵੱਡਾ ਘਰ, ਸੀ ਐਚ ਓ ਐਸਟਰ ਖੋਸਾ ਪਾਂਡੋ, ਸਿਹਤ ਵਰਕਰ ਜੋਗਿੰਦਰ ਸਿੰਘ, ਏ ਐਨ ਐਮ ਬਬੀਤਾ ਰਾਣੀ, ਅਨਮੋਲ ਰਤਨ, ਡਰਾਈਵਰ ਕੁਲਦੀਪ ਸਿੰਘ ਸ਼ਾਮਿਲ ਹਨ।ਡਾ ਗਿੱਲ ਨੇ ਦੱਸਿਆ ਕਿ ਸੈਂਪਲ ਲੈਣ ਡਰੋਲੀ ਭਾਈ ਵਿਖੇ ਰੋਜਾਨਾ 8 ਵਜੇ ਸਵੇਰੇ ਤੋਂ 10 ਵਜੇ ਸਵੇਰੇ ਤੱਕ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ 11 ਵਜੇ ਸਵੇਰੇ ਸੈਂਪਲ ਲਏ ਜਾਂਦੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਦੁਕਾਨਦਾਰੀ ਕਰਨ ਅਤੇ ਰੇਹੜੀ/ਫੜ੍ਹੀ ਲਾਉਣ ਵਾਲਿਆਂ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ।