ਕੋਵਿਡ-19 ਦੇ ਸੈਂਪਲ ਲੈਣ ਵਾਲੀ ਟੀਮ ਬਣੀ ‘ਮਿਸਾਲ’,ਬਿਨਾ ਖੌਫ਼, ਝਿਜਕ ਤੇ ਨਾਂਹ-ਨੁੱਕਰ ਤੋਂ ਬਿਨਾ ਖੁਦ ਹੋਏ ਸਨ 4 ਮੈਂਬਰ ਟੀਮ ‘ਚ ਸ਼ਾਮਿਲ, ਛੋਟੇ-ਛੋਟੇ ਤਿੰਨ ਬੱਚਿਆਂ ਦੀ ਮਾਂ ਕਰ ਰਹੀ ਹੈ ਟੀਮ ਦੀ ਅਗਵਾਈ

ਮੋਗਾ, 22 ਮਈ (ਜਸ਼ਨ) ਸਿਹਤ ਵਿਭਾਗ ਵੱਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਦੌਰਾਨ ਜਿਥੇ ਲੋਕ ਸਹਿਮ ਦੇ ਮਾਹੌਲ ‘ਚ ਜੀਅ ਰਹੇ ਹਨ, ਉਥੇ ਮੋਗਾ ਜਿਲ੍ਹੇ ਦੇ ਬਲਾਕ ਡਰੋਲੀ ਭਾਈ ਦੀ ਸੈਂਪਲ ਲੈਣ ਵਾਲੀ ਟੀਮ ਮਿਸਾਲ ਬਣੀ ਹੋਈ ਹੈ ਕਿਉਂਕਿ ਇਸ ਟੀਮ ਦੇ ਚਾਰੋਂ ਮੈਂਬਰ ਖੁਦ ਅੱਗੇ ਆ ਕੇ ਇਸ ਟੀਮ ਦਾ ਹਿੱਸਾ ਬਣੇ ਸਨ। ਪਿਛਲੇ ਦੋ ਮਹੀਨਿਆਂ ਤੋਂ ਸੈਂਪਲ ਲੈਣ ‘ਚ ਲੱਗੀ ਹੋਈ ਟੀਮ ਦੀ ਅਗਵਾਈ ਛੋਟੇ-ਛੋਟੇ ਤਿੰਨ ਬੱਚਿਆਂ ਦੀ ਮਾਂ ਬਤੌਰ ਮੈਡੀਕਲ ਅਫਸਰ ਕਰ ਰਹੀ ਹੈ।ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ-19 ਦੀਆਂ ਤਿਆਰੀਆਂ ਵੇਲੇ ਸੈਂਪਲ ਲੈਣ ਲਈ ਹਰੇਕ ਬਲਾਕ ‘ਚ ਵੱਖਰੀ ਟੀਮ ਦਾ ਗਠਨ ਕੀਤਾ ਗਿਆ ਸੀ। ਇਸੇ ਲੜੀ ਤਹਿਤ ਸਿਹਤ ਬਲਾਕ ਡਰੋਲੀ ਭਾਈ ‘ਚ ਬਣਾਈ ਜਾਣ ਵਾਲੀ ਟੀਮ ਲਈ ਮੈਡੀਕਲ ਅਫਸਰ ਡਾ ਅਰਸ਼ਿਕਾ ਗਰਗ, ਮੈਡੀਕਲ ਲੈਬ ਟੈਕਨੀਸ਼ੀਅਨ ਰਾਮ ਪਾਲ ਸਿੰਘ ਤੇ ਹਰਮੀਤ ਸਿੰਘ ਤੇ ਦਰਜਾ ਚਾਰ ਅਨਮੋਲ ਰਤਨ ਨੇ ਖੁਦ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਕੋਲ ਪੇਸ਼ ਹੋ ਕੇ ‘ਸੈਂਪਲਿੰਗ ਟੀਮ‘ ‘ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਡਾ ਇੰਦਰਵੀਰ ਸਿੰਘ ਗਿੱਲ ਨੇ ਟੀਮ ਮੈਂਬਰਾਂ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੂਰੇ ਸਿਹਤ ਵਿਭਾਗ ਨੂੰ ਇਹਨਾਂ ਸਖਸ਼ੀਅਤਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਸਿਹਤ ਵਿਭਾਗ ਦੀ ਕੋਵਿਡ-19 ਖਿਲਾਫ ਮੁਹਿੰਮ ‘ਚ ਮੋਹਰੀ ਰੋਲ ਨਿਭਾਇਆ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੁਲਸ ਵਿਭਾਗ ਵੱਲੋਂ ਵਿਸ਼ੇਸ਼ ਤਰੱਕੀਆਂ ‘ਤੇ ਮੈਡਲ ਦਿੱਤੇ ਜਾਂਦੇ ਹਨ, ਉਸੇ ਤਰ੍ਹਾਂ ਇਸ ਟੀਮ ਦੇ ਮੈਂਬਰਾਂ ਦੀ ਵੀ ਹੌਂਸਲਾ ਅਫਜ਼ਾਈ ਹੋਣੀ ਚਾਹੀਦੀ ਹੈ। ਸਿਹਤ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ਼ ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇਸ ਟੀਮ ਵੱਲੋਂ ਹੁਣ ਤੱਕ 595 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚ 53 ਹਜ਼ੂਰ ਸਾਹਿਬ ਤੋਂ ਮੁੜੇ ਸ਼ਰਧਾਲੂ, 64 ਪੁਲਸ ਮੁਲਾਜ਼ਮਾਂ ਤੋਂ ਇਲਾਵਾ ਬਾਹਰਲੇ ਸੂਬਿਆਂ ਤੋਂ ਮੁੜੇ ਵਿਅਕਤੀ ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਿਲ ਹਨ। ਉਹਨਾਂ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਵੇਲੇ ਜੰਗ ਲੱਗੀ ਹੋਈ ਹੈ ਤੇ ਹਰ ਕੋਈ ਖੌਫ਼ ਵਿੱਚ ਜਿਉਂ ਰਿਹਾ ਹੈ, ਉਸ ਵੇਲੇ ਸਿਹਤ ਵਿਭਾਗ ਦੇ ਇਹ ਕਰਮਚਾਰੀ ਮੂਹਰੇ ਹੋ ਕੇ ਲੜ ਰਹੇ ਹਨ। ਉਹਨਾਂ ਕਿਹਾ ਕਿ ਪੀ.ਪੀ.ਈ. ਕਿੱਟ ਪਾ ਕੇ ਸਾਹ ਲੈਣਾ ਬਹੁਤ ਔਖਾ ਹੋ ਜਾਂਦਾ ਹੈ, ਉਥੇ ਗਰਮੀ ਨਾਲ ਚੱਕਰ ਆਉਣ ਲੱਗਦੇ ਹਨ ਜਦਕਿ ਇਸ ਟੀਮ ਦੇ ਮੈਂਬਰ ਘੰਟਿਆਂ-ਬੱਧੀ ਕਿੱਟ ਪਾ ਕੇ ਰੱਖਦੇ ਹਨ।