ਆਰਸੇਟੀ ਮੋਗਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਰੋਨਾ ਵਾਈਰਸ ਵਿਰੁੱਧ ਜਾਰੀ ਜੰਗ ਵਿੱਚ ਹਿੱਸਾ ਪਾਉਣ ਲਈ 5000 ਮਾਸਕ ਬਣਾਉਣ ਦਾ ਕਾਰਜ ਕੀਤਾ ਸ਼ੁਰੂ

ਮੋਗਾ, 9 ਅਪ੍ਰੈਲ(ਜਸ਼ਨ):ਕੋਰੋਨਾ ਵਾਇਰਸ ਵਿਰੁੱਧ ਪੰਜਾਬ ਸਰਕਾਰ ਦੀ ਲੜਾਈ ਵਿਚ ਅਹਿਮ ਯੋਗਦਾਨ ਪਾਉਂਦਿਆਂ, ਪੰਜਾਬ ਐਂਡ ਸਿੰਧ ਬੈਂਕ ਦੇ ਦਿਹਾਤੀ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ.) ਨੇ 5000 ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ। ਇਨ੍ਹਾਂ 5000 ਮਾਸਕਾਂ ਨੂੰ ਬਣਾ ਕੇ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੂੰ ਦਿੱਤਾ ਜਾਵੇਗਾ ਜਿੱਥੇ ਕਿ ਇਨ੍ਹਾਂ ਨੂੰ ਸੈਨੇਟਾਈਜ ਕਰਨ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਜਾਵੇਗਾ ਅਤੇ ਇਨ੍ਹਾਂ ਸੈਨੇਟਾਈਜ ਕੀਤੇ ਮਾਸਕਾਂ ਨੂੰ ਸਿਵਲ ਹਸਪਤਾਲ ਵੱਲੋ ਹਰ ਲੋੜਵੰਦ ਵਿਅਕਤੀਆਂ ਵਿੱਚ ਵੰਡਿਆ ਜਾਵੇਗਾ। ਆਰਸੇਟੀ ਦੇ ਡਾਇਰੈਕਟਰ ਸ੍ਰੀ ਵਿਕਾਸ ਢਡਵਾਲ ਨੇ ਦੱਸਿਆ ਕਿ ਪੰਜਾਬ ਅਤੇ ਸਿੰਧ ਬੈਂਕ ਦੇ ਮੋਗਾ, ਲੁਧਿਆਣਾ ਅਤੇ ਫਰੀਦਕੋਟ ਵਿਖੇ ਆਰਸੇਟੀ ਸੈਟਰ ਚੱਲ ਰਹੇ ਹਨ। ਇਨ੍ਹਾਂ ਤਿੰਨੋਂ ਜ਼ਿਲ੍ਹਿਆਂ ਨੂੰ 5-5 ਹਜ਼ਾਰ ਮਾਸਕ ਬਣਾਉਣ ਲਈ ਕਿਹਾ ਗਿਆ ਹੈ। ਆਰਸੇਟੀ ਮੋਗਾ ਨੇ ਇਹ ਕੰਮ 20 ਤੋਂ 45 ਸਾਲ ਦੀ ਉਮਰ ਦੀਆਂ 10 ਸਿਖਲਾਈ ਪ੍ਰਾਪਤ ਔਰਤਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਪਹਿਲਾਂ ਆਰਸੇਟੀ ਤੋ  ਕੱਪੜੇ ਸਿਲਾਈ ਦੀ ਸਿਖਲਾਈ ਲਈ ਸੀ।ਸ੍ਰੀ ਵਿਕਾਸ ਢਡਵਾਲ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਮਾਸਕ ਬਣਾਉਣ ਲਈ ਸਾਰਾ ਮਟੀਰੀਅਲ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਸ ਕੇਂਦਰ ਵਿਚ ਮਾਸਕ ਬਣਾਉਣ ਦੇ ਸਹੀ ਤਰੀਕੇ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਜਾਣੂੰ ਕਰਵਾਇਆ ਗਿਆ ਹੇੈ।  ਉਨ੍ਹਾਂ ਦੱਸਿਆ ਕਿ ਇਹ 10 ਔਰਤਾਂ ਆਪਣੇ ਘਰ ਵਿੱਚ ਬੈਠ ਕੇ ਇਨ੍ਹਾਂ ਮਾਸਕਾਂ ਨੂੰ ਤਿਆਰ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਔਰਤ ਇੱਕ ਦਿਨ ਵਿੱਚ 50 ਮਾਸਕ ਤਿਆਰ ਕਰੇਗੀ ਅਤੇ ਸਾਰੇ 5000 ਮਾਸਕ 10 ਦਿਨਾਂ ਵਿੱਚ ਤਿਆਰ ਹੋ ਜਾਣਗੇ।  ਇਹ ਮਾਸਕ ਬਣਾਉਣ ਵਾਲੀਆਂ ਔਰਤਾਂ ਪਿੰਡ ਧੱਲੇਕੇ, ਦੁਨੇਕੇ, ਪੁਰਾਣੇ ਮੋਗਾ ਅਤੇ ਸ਼ਹਿਰ ਖੇਤਰ ਨਾਲ ਸਬੰਧਤ ਹਨ। ਹਾਲਾਂਕਿ ਹੁਣ ਤੱਕ ਇਹ ਔਰਤਾਂ ਸਵੈ-ਇੱਛਾ ਨਾਲ ਕੰਮ ਕਰ ਰਹੀਆਂ ਹਨ, ਪ੍ਰੰਤੂ ਆਰਸੇਟੀ ਸੈਂਟਰ ਵੱਲੋ ਕੰਮ ਪੂਰਾ ਹੋਣ ‘ਤੇ ਇਨ੍ਹਾਂ ਨੂੰ ਮਾਣ ਭੱਤਾ ਵੀ ਦਿੱਤੇ ਜਾਣ ਦੀ ਤਜਵੀਜ ਹੈ।
.