ਮੋਗਾ ‘ਚ ਕਰੋਨਾ ਦੇ ਚਾਰ ਵਿਅਕਤੀਆਂ ਦੇ ਪਾਜ਼ਿਟਿਵ ਪਾਏ ਜਾਣ ’ਤੇ ਲੋਕਾਂ ਨੂੰ ਡਰਨ ਦੀ ਬਜਾਏ ਸੁਚੇਤ ਰਹਿਣ ਦੀ ਲੋੜ: ਵਿਧਾਇਕ ਡਾ: ਹਰਜੋਤ ਕਮਲ

ਮੋਗਾ,8 ਅਪਰੈਲ(ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਮੋਗਾ ਜ਼ਿਲ੍ਹੇ ਵਿਚ ਕੱਲ ਕਰੋਨਾ ਵਾਇਰਸ ਨਾਲ ਪੀੜਤ 4 ਮਰੀਜ਼ ਪਾਏ ਗਏ ਹਨ ਜੋ ਚਿੰਤਾ ਦਾ ਵਿਸ਼ਾ ਹੈ ,ਪਰ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਕਰਫਿਊ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਅਪਣਾ ਕੇ ਆਪਾਂ ਕਰੋਨਾ ਸੰਕਰਮਣ ਦੀ ਚੇਨ ਨੂੰ ਤੋੜ ਕੇ ਇਸ ਨੂੰ ਵਧਣ ਤੋਂ ਰੋਕਣ ‘ਚ ਦੇ ਸਮਰੱਥ ਹੋ ਸਕੀਏ। ਡਾ: ਕਮਲ ਨੇ ਆਖਿਆ ਕਿ ਸੂਬੇ ਦੇ ਲੋਕ ਖੁਸ਼ਕਿਸਮਤ ਹਨ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਦਿ੍ਰੜ ਸੰਕਲਪੀ ਅਤੇ ਹਾਲਾਤਾਂ ਮੁਤਾਬਕ ਕਰੜੇ ਫੈਸਲੇ ਲੈਣ ਦਾ ਮਾਦਾ ਰੱਖਣ ਵਾਲੇ ਮੁੱਖ ਮੰਤਰੀ ਮਿਲੇ ਹਨ ਜਿਹਨਾਂ ਨੇ ਕਰੋਨਾ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਭਾਰਤ ਦੇ ਸਾਰੇ ਸੂਬਿਆਂ ਤੋਂ ਪਹਿਲਾਂ ਕਰਫਿਊ ਲਗਾ ਕੇ ਇਹ ਸੁਨਿਸ਼ਚਿਤ ਕਰਨ ਦਾ ਯਤਨ ਕੀਤਾ ਤਾਂ ਕਿ ਸੂਬੇ ਦੇ ਲੋਕ ਇਸ ਮਹਾਂਮਾਰੀ ਦੀ ਲਪੇਟ ਵਿਚ ਨਾ ਆਉਣ । ਡਾ: ਹਰਜੋਤ ਕਮਲ ਨੇ ਆਖਿਆ ਕਿ ਇੱਥੇ ਹੀ ਬੱਸ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੁੱਚੇ ਪੰਜਾਬ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਸਾਰਿਆਂ ਜ਼ਿਲ੍ਹਿਆਂ ਵਿਚ ਰਸਦ ਪਹੁੰਚਾਈ ਗਈ ਹੈ । ਉਹਨਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਪਹੁੰਚੀ ਇਸ ਰਸਦ ਦੀ ਵੰਡ ਬਹੁਤ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਬਹੁਤ ਧੰਨਵਾਦੀ ਹਨ ਜੋ ਕਰਫਿਊ ਦੀ ਸ਼ੁਰੂਆਤ ਤੋਂ ਹੀ ਲੰਗਰ ਤਿਆਰ ਕਰਕੇ ਲੋੜਵੰਦਾਂ ਦੀ ਸ਼ਿੱਦਤ ਨਾਲ ਸੇਵਾ ਕਰ ਰਹੇ ਹਨ । ਉਹਨਾਂ ਕਿਹਾ ਕਿ ਉਹ ਅਜਿਹੇ ਸੰਤਾਂ ਮਹਾਂਪੁਰਸ਼ਾਂ ਦੇ ਦਿਲੋਂ ਧੰਨਵਾਦੀ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਸਫਲਸਫ਼ੇ ‘ਸਰਬੱਤ ਦੇ ਭਲੇ ’ ਦਾ ਪਾਲਣ ਕਰਦਿਆਂ ਸਾਰਿਆਂ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਲੰਗਰ ਵਰਤਾ ਰਹੇ ਹਨ। 
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਮਾਣ ਹੈ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਜ਼ਿਲ੍ਹੇ ਵਿਚ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾਅ ਰਿਹਾ ਹੈ ਉੱਥੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਡਾਕਟਰਾਂ ,ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਵੱਲੋਂ ਵੀ ਪੂਰੀ ਸੇਵਾ ਭਾਵਨਾ ਨਾਲ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 6 ਅਤੇ 7 ਅਪਰੈਲ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2 ਵਜੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਤਾਂ ਕਿ ਉਹਨਾਂ ਨੂੰ ਕਰੋਨਾ ਨਾਲ ਨਿਪਟਣ ਲਈ ਕੀਤੇ ਪ੍ਰਬੰਧਾਂ ਦੀ ਤਾਜ਼ਾ ਸਥਿਤੀ ਦਾ ਪਤਾ ਲੱਗ ਸਕੇ।