ਸਿਆਚਿਨ ਗਲੇਸ਼ੀਅਰ ਵਿਖੇ ਪੰਜਾਬੀ ਸੈਨਿਕ ਦੇ ਦੁਖਦਾਈ ਦੇਹਾਂਤ ‘ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ, ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 12 ਲੱਖ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ

ਚੰਡੀਗੜ, 19 ਜਨਵਰੀ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਲੱਦਾਖ ਜ਼ਿਲੇ ਦੇ ਸਿਆਚਿਨ ਗਲੇਸ਼ੀਅਰ ਵਿਖੇ ਸ਼ੁੱਕਰਵਾਰ ਨੂੰ ਡਿਊਟੀ ਨਿਭਾਉਂਦਿਆਂ  ਆਪਣੀ ਜਾਨ ਗਵਾਉਣ ਵਾਲੇ ਇਕ ਪੰਜਾਬੀ ਸਿਪਾਹੀ ਦੀ ਦੁਖਦਾਈ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। 2 ਸਿੱਖ ਐੱਲ.ਆਈ ਯੂਨਿਟ ਦਾ ਸ਼ਹੀਦ ਹੌਲਦਾਰ ਬਲਜਿੰਦਰ ਸਿੰਘ ਪੁੱਤਰ ਸਵ. ਗੁਰਬਚਨ ਸਿੰਘ  ਹੁਸ਼ਿਆਰਪੁਰ ਜ਼ਿਲੇ ਦੀ ਤਹਿਸੀਲ ਦਸੂਹਾ ਦੇ ਪਿੰਡ ਜ਼ਹੂਰਾ ਦਾ ਵਸਨੀਕ ਸੀ  ਜੋ ਆਪਣੇ ਪਿੱਛੇ ਪਤਨੀ ਪਰਦੀਪ ਕੌਰ ਅਤੇ ਟਾਂਡਾ ਵਿਖੇ ਐਲ ਕੇ ਜੀ ‘ਚ ਪੜ ਰਹੇ ਦੋ ਜੁੜਵਾਂ ਪੁੱਤਰ ਛੱਡ ਗਿਆ ਹੈ।ਮੁੱਖ ਮੰਤਰੀ  ਨੇ ਸ਼ਹੀਦ ਦੀ ਮੌਤ ਨਾਲ ਪਏ ਭਾਰੀ ਘਾਟੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਜਤਾਈ। ਸਰਕਾਰੀ ਬੁਲਾਰੇ  ਨੇ ਦੱਸਿਆ ਕਿ ਮੁੱਖ ਮੰਤਰੀ  ਨੇ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਕੜਾਕੇ ਦੀ  ਠੰਡ ਵਿਚ 19,000 ਫੁੱਟ ਦੀ ਉੱਚਾਈ ‘ਤੇ ਬਹਾਦਰੀ ਨਾਲ ਡੱਟੇ ਸਿਪਾਹੀ ਦੀ ਲਾਸਾਨੀ ਕੁਰਬਾਨੀ ਨੂੰ ਸਾਰਿਆਂ ਵਲੋਂ ਯਾਦ ਰੱਖਿਆ ਜਾਵੇਗਾ।  ਉਨਾਂ ਨੇ ਕਿ ਦੁਖੀ ਪਰਿਵਾਰ  ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ ਲਈ ਅਰਦਾਸ ਵੀ ਕੀਤੀ।ਅੱਜ ਦੁਪਹਿਰ ਸ਼ਹੀਦ ਦੇ ਜੱਦੀ ਪਿੰਡ ਜ਼ਹੂਰਾ ਜ਼ਿਲਾ ਹੁਸ਼ਿਆਰਪੁਰ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਬਹਾਦਰ ਸ਼ਹੀਦ ਸਿਪਾਹੀ ਦਾ ਅੰਤਿਮ ਸਸਕਾਰ ਕੀਤਾ ਗਿਆ ।ਸ਼ਹੀਦ ਦੇ ਸਸਕਾਰ ਦੌਰਾਨ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਅਤੇ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ (ਦਸੂਹਾ) ਜੋਤੀ ਬਾਲਾ ਅਤੇ ਰੱਖਿਆ ਭਲਾਈ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ ਤੋਂ ਇਲਾਵਾ  ਵੱਖ ਵੱਖ ਖੇਤਰਾਂ ਦੇ ਲੋਕ ਸ਼ਾਮਲ ਹੋਏ।