ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਨੂੰ ਪਾਣੀ ਦੀ ਸਪਲਾਈ ਲਈ ਵਿਛੇਗੀ ਨਵੀਂ ਪਾਇਪ ਲਾਈਨ, ਮੁੱਖ ਮੰਤਰੀ ਵੱਲੋਂ ਵਿੱਤ ਵਿਭਾਗ ਨੂੰ ਤੁਰੰਤ 85 ਲੱਖ ਰੁਪਏ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 16 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿੱਚ ਸਾਫ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੀਂ ਜ਼ਮੀਨਦੋਜ਼ ਪਾਈਪ ਲਾਈਨ ਵਿਛਾਉਣ ਵਾਸਤੇ ਵਿੱਤ ਵਿਭਾਗ ਨੂੰ ਤੁਰੰਤ 85 ਲੱਖ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਬੀਤੇ ਦਿਨ ਮੀਟਿੰਗ ਦੌਰਾਨ ਇਹ ਰਕਮ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਵਿੱਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਫੰਡ ਤੁਰੰਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੇ ਜਾਣ। ਇਸ ਤੋਂ ਇਲਾਵਾ ਉਪਰੋਕਤ ਕੰਮ ਲਈ ਜੇਕਰ ਹੋਰ ਫੰਡ ਦੀ ਲੋੜ ਹੋਵੇ ਤਾਂ ਪਹਿਲ ਦੇ ਅਧਾਰ ’ਤੇ ਫੰਡ ਜਾਰੀ ਕਰਨ ਲਈ ਵੀ ਵਿੱਤ ਵਿਭਾਗ ਨੂੰ ਕਿਹਾ ਗਿਆ ਹੈ।ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਮੁਕਤਸਰ ਸਾਹਿਬ) ਦੇ ਮੇਨੈਜਰ ਭਾਈ ਬਲਦੇਵ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਸਰੋਵਰ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਲਈ ਨਵੀਂ ਪਾਈਪ ਲਾਈਨ ਵਿਛਾਉਣ ਵਾਸਤੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਨੂੰ ਹੰਸਲੀ ਵਾਲੀ ਜਗ੍ਹਾ ਤੋਂ ਸਰੋਵਰ ਤੱਕ ਡੂੰਘੀ ਪਾਈਪ ਲਾਈਨ ਵਿਛਾਉਣ ਬਾਰੇ ਲੋੜੀਂਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਮੰਤਰੀ ਮੰਡਲ ਵੱਲੋਂ 85 ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ।  ਮੇਨੈਜਰ ਭਾਈ ਬਲਦੇਵ ਸਿੰਘ ਵੱਲੋਂ ਪੱਤਰ ਰਾਹੀਂ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਪਵਿੱਤਰ ਸਰੋਵਰ ਨੂੰ ਮੁਕਤਸਰ ਮਾਈਨਰ ਤੋਂ ਲੱਗੇ ਮੋਘੇ ਰਾਹੀਂ ਪਾਣੀ ਆਉਂਦਾ ਹੈ ਅਤੇ ਉਥੇ ਹੀ ਪਾਣੀ ਨੂੰ ਸਾਫ਼ ਕਰਨ ਲਈ ਇਕ ਟੈਂਕ ਬਣਿਆ ਹੈ। ਇਸ ਟੈਂਕ ਤੋਂ ਅਗੋਂ ਕੋਟਕਪੂਰਾ ਸੜਕ ਦੇ ਨਾਲ-ਨਾਲ ਤਕਰੀਬਨ 10 ਫੁੱਟ ਡੂੰਘੀ ਹੰਸਲੀ ਬਣੀ ਹੋਈ ਹੈ ਜਿਸ ਨੂੰ 80 ਸਾਲ ਹੋ ਚੁੱਕੇ ਹਨ ਅਤੇ ਬਹੁਤ ਪੁਰਾਣੀ ਹੋਣ ਕਰਕੇ ਉਹ ਕਈ ਥਾਵਾਂ ਤੋਂ ਲੀਕ ਹੈ। ਇਸ ਨਾਲ ਵੱਖ-ਵੱਖ ਥਾਵਾਂ ਤੋਂ ਪਾਣੀ ਰਿਸਣ ਕਾਰਨ ਸੜਕ ਬੈਠ ਜਾਂਦੀ ਹੈ ਅਤੇ ਜੇਕਰ ਪਾਈਪ ਦੀ ਮੁਰੰਮਤ ਕਰਨੀ ਹੁੰਦੀ ਹੈ ਤਾਂ ਸੀਵਰ ਸਿਸਟਮ, ਬਿਜਲੀ ਦੇ ਖੰਭੇ, ਟੈਲੀਫੋਨ ਦੀਆਂ ਤਾਰਾਂ ਆਦਿ ਸਿਸਟਮ ਪ੍ਰਭਾਵਿਤ ਹੁੰਦਾ ਹੈ ਜਿਸ ਦੀ ਮੁਰੰਮਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ।ਭਾਈ ਬਲਦੇਵ ਸਿੰਘ ਵੱਲੋਂ ਇਹ ਪੱਤਰ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੂੰ ਸੌਂਪਿਆ ਗਿਆ ਸੀ।