188 ਨਵ ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ ਦਿੰਦਿਆਂ ਵਿਜੈ ਇੰਦਰ ਸਿੰਗਲਾ ਨੇ ਆਖਿਆ ‘‘ਨਵ ਨਿਯੁਕਤ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ’’

ਚੰਡੀਗੜ੍ਹ, 14 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿੳੂਟ ਆਫ ਪਬਲਿਕ ਐਡਮਿਨੀਸਟਰੇਸ਼ਨ (ਮਗਸੀਪਾ) ਸੈਕਟਰ-26 ਵਿਖੇ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਤ 188 ਨਵ ਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਨਵ-ਨਿਯੁਕਤ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਹਰੇਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਟੀਚਾ ਜ਼ਰੂਰ ਮਿੱਥਣਾ ਚਾਹੀਦਾ ਹੈ ਅਤੇ ਟੀਚਾ ਪ੍ਰਾਪਤ ਹੋਣ ਤੱਕ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਕਰਮਚਾਰੀਆਂ ਨੂੰ ਆਪਣੀ ਡਿੳੂਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਨਵ ਨਿਯੁਕਤ ਕਰਮਚਾਰੀ ਆਪਣੀ ਲਿਆਕਤ, ਸਖਤ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਆਪੋ-ਆਪਣੇ ਵਿਭਾਗਾਂ ਨੂੰ ਬੁਲੰਦੀ ’ਤੇ ਲਿਜਾਣਗੇ।ਇਥੇ ਦੱਸਣਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵਿੱਚੋਂ 106 ਨਾਨ-ਟੀਚਿੰਗ ਅਤੇ ਟੀਚਿੰਗ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਹੈ ਅਤੇ 82 ਕਰਮਚਾਰੀਆਂ ਨੂੰ ਲੋਕ ਨਿਰਮਾਣ ਵਿਭਾਗ ਵਿੱਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਤੋਂ ਚੁਣ ਕੇ ਆਏ 71 ਸਟੈਨੋ ਟਾਈਪਿਸਟ ਸ਼ਾਮਿਲ ਹਨ ਜਦਕਿ 2 ਕਲਰਕ ਅਤੇ 9 ਗਰੁੱਪ ‘ਡੀ’ ਦੇ ਮੁਲਾਜ਼ਮ ਸ਼ਾਮਿਲ ਹਨ, ਜਿਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਲੋਕ ਨਿਰਮਾਣ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸ਼੍ਰੀ ਵਿਕਾਸ ਪ੍ਰਤਾਪ, ਚੀਫ ਇੰਜੀਨੀਅਰ ਪੀ. ਡਬਲਯੂ. ਡੀ. ਸ਼੍ਰੀ ਸਤੀਸ਼ ਗੁਪਤਾ, ਡੀ. ਪੀ. ਆਈ. ਸਿੱਖਿਆ ਵਿਭਾਗ ਸ਼੍ਰੀ ਸੁਖਜੀਤਪਾਲ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।