ਜ਼ਿਲ੍ਹਾ ਪ੍ਰਸਾਸ਼ਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ 21 ਨਵਜੰਮੀਆਂ ਧੀਆਂ ਦੀ ਲੋਹੜੀ ਦੇ ਮਨਾਏ ਸ਼ਗਨ

ਮੋਗਾ 14 ਜਨਵਰੀ(ਜਸ਼ਨ): ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਜ਼ਿਲ੍ਹਾ ਪ੍ਰਸਾਸ਼ਨ ਮੋਗਾ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਮੋਗਾ ਦੇ ਨਿੱਜੀ ਸੰਸਥਾ ਦੇ ਸਹਿਯੋਗ ਨਾਲ 21 ਨਵਜੰਮੀਆਂ ਧੀਆਂ ਦੀ ਲੋਹੜੀ ਦਾ ਸ਼ਗਨ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਕੇ ਸੁਰੂਆਤ ਕੀਤੀ।  ਇਸ ਖੁਸ਼ੀ ਦੇ ਸਮੇ ਤੇ ਡਿਪਟੀ ਕਮਿਸ਼ਨਰ ਵੱਲੋ ਰਿਬਨ ਕੱਟਿਆ ਅਤੇ ਲੋਹੜੀ ਦੀ ਧੂਣੀ ਬਾਲ ਕੇ 21 ਬਾਲੜੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨਾਲ ਮਿਲ ਕੇ ਲੋਹੜੀ ਦੇ ਸ਼ਗਨ ਮਨਾਏ ਅਤੇ ਉਨ੍ਹਾਂ ਨੂੰ ਧੀਆਂ ਦੇ ਜਨਮ ਦੀ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਪਰਾਲਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਨਵ ਜੰਮੀਆਂ ਧੀਆਂ ਨੂੰ ਜੀ ਆਇਆ ਕਹਿਣ ਲਈ ਕੀਤਾ ਗਿਆ ਹੈ ਉਨ੍ਹਾਂ ਇਹ ਵੀ ਪ੍ਰਣ ਲਿਆ ਕਿ ਉਨ੍ਹਾਂ ਨੂੰ ਇੱਕ ਸੁਰੱਖਿਅਤ ਸਮਾਜ ਪ੍ਰਦਾਨ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਹ ਧੀਆਂ ਸੁਰੱਖਿਅਤ ਸਮਾਜ ਵਿੱਚ ਆਈਆਂ ਹਨ ਜਿੱਥੇ ਉਨ੍ਹਾਂ ਨੂੰ ਲੜਕਿਆਂ ਦੇ ਬਰਾਬਰ ਹਰ ਸਹੂਲਤ ਤੇ ਮਾਪਿਆਂ ਦਾ ਪਿਆਰ ਮਿਲੇਗਾ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵੱਲੋ ਬੱਚੀਆਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਦੀਆਂ ਮਹਿਲਾ ਅਫ਼ਸਰ ਸਾਹਿਬਾਨਾਂ ਨੂੰ ਬੁਲਾਇਆ ਤਾਂ ਜੋ ਬੱਚੀਆਂ ਨੂੰ ਉਨ੍ਹਾਂ ਤੋ ਚੰਗੀ ਸਿੱਖਿਆ ਅਤੇ ਕੁਝ  ਦਾ ਜ਼ਜਬਾ ਮਿਲ ਸਕੇ।ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਮੋਗਾ ਵਿੱਚ 1000 ਲੜਕਿਆਂ ਪਿੱਛੇ ਲੜਕੀਆਂ ਦੀ ਸੈਕਸ ਰੇਸੋ 903 ਸੀ ਤੇ ਅੱਜ ਉਨ੍ਹਾਂ ਨੂੰ  ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਮਹੀਨਾ ਦਸੰਬਰ 2019 ਤੱਕ ਇਹ ਗਿਣਤੀ 1000 ਲੜਕਿਆਂ ਪਿੱਛੇ 931 ਹੋ ਗਈ ਹੈ ਜੋ ਕਿ ਬੜਾ ਹੀ ਸੁਭ ਸਗ਼ਨ ਹੈ। ਉਨ੍ਹਾਂ ਕਿਹਾ ਕਿ ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਪੂਰੀ ਬਰਾਬਰਤਾ ਲਿਆਉਣ ਲਈ ਜਿਲ੍ਹਾ ਪ੍ਰਸਾਸ਼ਨ ਵੱਲੋ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਨਿਰੰਤਰ ਜਾਰੀ ਰਹਿਣੇ। ਡਿਪਟੀ ਕਸਿਸ਼ਨਰ ਨੇ ਕਿਹਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸ਼ਨ ਇੱਕ ਐਕਸ਼ਨ ਪਲਾਨ ਦੇ ਮੁਤਾਬਿਕ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਆਪਣੀ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖੇਗਾ ਤਾਂ ਜੋ ਮਾਂ ਦੇ ਗਰਭ ਵਿੱਚ ਪਲ ਰਹੀ ਬੱਚੀ ਦੇ ਜਨਮ ਨੂੰ ਅਸੀ ਜੀ ਆਇਆ ਕਹਿੰਦੇ ਹੋਏ ਉਹਦੇ ਉਜਵਲ ਭਵਿੱਖ ਲਈ ਚੰਗੀ ਵਿਦਿਆ ਚੰਗੀ ਖੁਰਾਕ ਅਤੇ ਚੰਗੀ ਵਾਤਾਵਰਣ ਦੇ ਸਕੀਏ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਇਕ ਸਖੀ ਵਨ ਸਟਾਪ ਸੈਟਰ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ, ਜਿਸਦਾ ਮੁੱਖ ਉਦੇਸ ਪੀੜਤ ਲੜਕੀਆਂ/ਔਰਤਾਂ ਨੂੰ ਲੋੜੀਦੀ ਮੈਡੀਕਲ, ਕਾਨੂੰਨੀ, ਸ਼ਰਨ ਦਾ ਪ੍ਰਬੰਧ ਅਤੇੇ ਉਨ੍ਹਾਂ ਦੀ ਹਰ ਮੁਸ਼ਕਿਲ ਲਈ ਯੁਨਿਟ 24 ਘਟੇ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿਸ ਜਰੀਏ ਕੋਈ ਵੀ ਪੀੜਤ ਲੜਕੀ ਜਾਂ ਔਰਤ ਇਸ ਸੈਟਰ ਦੇ ਫੋਨ ਨੰਬਰ 01636-224216 ਤੇ ਫੋਨ ਕਰਕੇ ਕਿਸੇ ਵੀ ਸਮੇ ਸੇਵਾਵਾਂ ਲੈ ਸਕਦੀ ਹੈ। ਉਨ੍ਹਾਂ ਇਸ ਮੌਕੇ ਧੀਆਂ ਦੇ ਜਨਮ ਨੂੰ ਮੁਬਾਰਕਬਾਦ ਦਿੰਦੇ ਹੋਏ ਇੱਕ ਸੁਨੇਹਾ ਦਿੱਤਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀ ਪਰਮਾਤਮਾ ਵੱਲੋ ਬਖਸ਼ਿਸ ਕੀਤੀ ਦਾਤ ਨੂੰ ਪ੍ਰਵਾਨ ਕਰਦੇ ਹੋਏ ਪੈਦਾ ਹੋਏ ਬੱਚੇ ਦੀ ਚੰਗੀ ਸਾਂਭ ਸੰਭਾਲ ਕਰੀਏ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਨਾ ਹੋ ਸਕੇ। ਉਨ੍ਹਾਂ 21 ਬਾਲੜਕੀਆਂ ਦੀਆਂ ਮਾਤਾਵਾਂ ਨੂੰ ਬੇਬੀ ਵਾਕਰ, ਕੰਬਲ, ਬੇਬੀ ਕਿੱਟਾਂ ਤੋ ਇਲਾਵਾ ਰੇਵੜੀ ਮੂੰਗਫਲੀ ਗੱਚਕ ਦੇ ਕੇ ਸਨਮਾਨਿਤ ਕੀਤਾ ਅਤੇ ਮਾਤਾਵਾਂ ਨੂੰ ਆਇਰਨ ਫੋਲਿਕ ਦੀਆਂ ਗੋਲੀਆਂ ਵੀ ਦਿੱਤੀਆਂ। ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਗੁਰਚਰਨ ਸਿੰਘ ਵੱਲੋ ਦੱਸਿਆ ਗਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਆਗਾਜ਼ ਸਾਲ 2015 ਨੂੰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਉਸ ਸਮੇ ਕੀਤਾ ਗਿਆ ਜਦ ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਬੇਹੱਦ ਅਸਿਥਰਤਾ ਆ ਗਈ ਸੀ।  ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀ ਸੁਰੂਆਤ ਨਾਲ ਹੁਣ ਦੇਸ਼ ਭਰ ਵਿੱਚ ਲਿੰਗ ਅਨੁਪਾਤ ਦੀ ਬਰਾਬਰਤਾ ਵਿੱਚ ਚੰਗੇ ਨਤੀਜੇ ਮਿਲੇ। ਇਸ ਸਮਾਗਰਮ ਵਿੱਚ ਜ਼ਿਲ੍ਹਾ ਇੰਦਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਸਕੱਤਰ ਰੈਡ ਕਰਾਸ ਮੋਗਾ ਮਿਸ ਚੇਤਨਾ, ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ, ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ, ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀਆਂ ਮਹਿਲਾ ਅਫ਼ਸਰ ਸਾਹਿਬਾਨਾਂ, ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਰਾਣਾ ਗੁਰਵਿੰਦਰ ਕੌਰ, ਬਲਜੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ, ਪਿ੍ਰੰਸੀਪਲ ਡਾ. ਪਲਵਿੰਦਰ ਕੌਰ ਲੋਧੀ ਅਤੇ ਅਹਿਮ ਸ਼ਖਸੀਅਤਾਂ ਹਾਜਰ ਸਨ।