ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਦੀਆਂ ਪੁਰਤਾਨ ਖੇਡਾਂ ਤੋਂ ਵਾਂਝੀ ਹੁੰਦੀ ਜਾ ਰਹੀ :ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ 13 ਜਨਵਰੀ (ਜਸ਼ਨ):ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਜਿੱਥੇ ਗੁਰਮਤਿ ਸਮਾਗਮਾਂ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾਂਦੇ ਹਨ ਉੱਥੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਖੇਡਾਂ ਅੱਜ ਲੋਹੜੀ ਦੇ ਸ਼ੁਭ ਅਵਸਰ ਮੌਕੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ।ਇਸ ਮੌਕੇ ਬਾਬਾ ਗੁਰਦੀਪ ਸਿੰਘ ਜੀ ਨੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਪੇਂਡੂ ਖੇਡਾਂ ਜਿਹੜੀਆਂ ਪੰਜਾਬੀ ਲੋਕਧਾਰਾ ਵਿੱਚ ਪੰਜਾਬੀ ਲੋਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਹਨ ਦਿਨੋਂ-ਦਿਨ ਪੱਛਮੀ ਸੱਭਿਆਚਾਰ ਦੀ ਲਪੇਟ 'ਚ ਆ ਰਹੇ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ-ਨਾਲ ਪੁਰਾਤਨ ਖੇਡਾਂ ਸਾਡੇ ਸਮਾਜ ਵਿਚੋਂ ਅਲੋਪ ਹੋ ਰਹੀਆਂ ਹਨ। ਜਿਸ ਕਰ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਦੀਆਂ ਪੁਰਤਾਨ ਖੇਡਾਂ ਤੋਂ ਵਾਂਝੀ ਹੁੰਦੀ ਜਾ ਰਹੀ ਹੈ। ਤਕਰੀਬਨ ਦੋ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਣ ਵਾਲੀਆਂ ਖੇਡਾਂ 'ਚ  ਇਕ ਨਿਵੇਕਲੀ ਕਿਸਮ ਦੀ ਖੇਡ ਸੀ ਬਾਜ਼ੀਗਰਾਂ ਦੀ ਬਾਜ਼ੀ, ਇਸ ਖੇਡ ਵਿਚ ਬਾਜ਼ੀਗਰ ਬਰਾਦਰੀ ਦੇ ਲੋਕ ਆਪਣੀ ਗਰਦਨ ਨਾਲ ਲੋਹੇ ਦਾ ਸਰੀਆ ਮੋੜਨ, ਅੱਗ ਦੇ ਕੁੰਡਲ 'ਚੋਂ ਲੰਘਣ, ਮੰਜਿਆਂ ਤੋਂ ਛਾਲਾਂ ਮਾਰਨ ਤੇ ਫੱਟਿਆਂ 'ਤੇ ਲੰਬੀ ਛਾਲ ਲਾਉਣ ਆਦਿ ਕਰਤੱਬ ਦਿਖਾਉਂਦੇ ਸਨ। ਜਿਥੇ ਇਨ੍ਹਾਂ ਕਰਤੱਬਾਂ ਦਾ ਪਿੰਡ ਦੇ ਲੋਕ ਆਨੰਦ ਮਾਣਦੇ ਸਨ, ਉਥੇ ਹੀ ਬਾਜ਼ੀ ਪਾਉਣ ਵਾਲੇ ਇਨ੍ਹਾਂ ਬਾਜ਼ੀਗਰਾਂ ਦਾ ਸਤਿਕਾਰ ਵੀ ਕਰਦੇ ਸਨ। ਜੌਖਮ ਭਰੀਆਂ ਇਹ ਖੇਡਾਂ ਜਿਥੇ ਲੋਕਾਂ ਦਾ ਮਨੋਰੰਜਨ ਕਰਦੀਆਂ ਸਨ, ਉਥੇ ਹੀ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਜਿਉਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਨ ਦਾ ਵੀ ਸੰਕੇਤ ਦਿੰਦੀਆਂ ਸਨ।  ਪਰ ਅੱਜ ਦੀ ਨੌਜਵਾਨ ਪੀੜ੍ਹੀ ਆਧੁਨਿਕ ਤਕਨੀਕ ਵਿਚ ਇੰਨੀ ਫ਼ਸ ਗਈ ਹੈ ਕਿ ਉਨ੍ਹਾਂ ਨੂੰ ਸਾਡੇ ਅਮੀਰ ਵਿਰਸੇ ਦੀਆਂ ਇਨ੍ਹਾਂ ਪੁਰਾਤਨ ਖੇਡਾਂ ਦਾ ਬਿਲਕੁਲ ਗਿਆਨ ਨਹੀਂ ਹੈ, ਜਿਸਦਾ ਸਿੱਧਾ ਅਸਰ ਮਾਨਸਿਕਤਾ 'ਤੇ ਪੈ ਰਿਹਾ ਹੈ ਤੇ ਲੋਕਾਂ ਵਿਚ ਭਾਈਚਾਰਕ ਸਾਂਝ, ਮਿਲਵਰਤਣ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ। ਅੱਜ ਚੰਦ ਪੁਰਾਣਾ ਦੀ ਧਰਤੀ ਤੇ ਬਾਜ਼ੀਗਰਾਂ ਦੇ ਕਰਤੱਵ ਦਿਖਾਉਣ ਨਾਲ ਜਿੱਥੇ ਮਨ ਨੂੰ ਸਕੂਨ ਮਿਲਿਆ ਹੈ ਉੱਥੇ ਦਰਸ਼ਕਾਂ ਨੇ ਵੀ ਭਰਪੂਰ ਮਨੋਰੰਜਨ ਕੀਤਾ ਹੈ ਅੱਜ ਇਸ ਮੌਕੇ ਬਾਜ਼ੀਗਰਾਂ ਦੇ ਕਰਤਬ ਦਿਖਾਉਣ ਵਾਲੇ ਕਲਾਕਾਰਾਂ ਮਿੱਠੂ ਸਿੰਘ, ਵਕੀਲ ਸਿੰਘ,ਪਿੰਡ ਦਿੱਖਾਂ, ਅੰਗਰੇਜ਼ ਸਿੰਘ, ਕਿਰਨਦੀਪ ਸਿੰਘ ਰਾਮਨਗਰ, ਗੁਰਦੀਪ ਸਿੰਘ ਭਾਗੋਕੇ, ਧਰਮਿੰਦਰ ਸਿੰਘ ਭਾਗੋ ਕੇ ਆਦਿ ਨੂੰ ਸਨਮਾਨਿਤ ਕੀਤਾ ਗਿਆ ਇਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਕਰਤੱਬ ਦਿਖਾਏ। ਇਸ ਮੌਕੇ  ਤਰਲੋਕ ਸਿੰਘ, ਚੰਦ ਸਿੰਘ  ਫੌਜੀ ਮਰਾੜ,ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਦੇਵਿੰਦਰ ਸਿੰਘ,ਅਜਮੇਰ ਸਿੰਘ ,ਨਛੱਤਰ ਸਿੰਘ, ਧਰਮ ਸਿੰਘ, ਹਰਜਿੰਦਰ ਸਿੰਘ ਕਾਲੇਕੇ ਆਦਿ ਹਾਜ਼ਰ ਸਨ।