ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਅਧੂਰੇ ਚਹੁੰ ਮਾਰਗੀ ਕੌਮੀ ਸ਼ਾਹਰਾਹ ਦੀ ਸਮੱਸਿਆ ਦੇ ਹੱਲ ਦੀ ਬੱਝੀ ਆਸ,ਨੈਸ਼ਨਲ ਹਾਈਵੇ ਅਥਾਰਟੀ ਅਧਵਾਟੇ ਪਏ ਪ੍ਰੌਜੈਕਟ ਨੂੰ ਕਰੇਗੀ ਪੂਰਾ

ਮੋਗਾ,25 ਦਸੰਬਰ (ਜਸ਼ਨ): ਪਿਛਲੇ ਇਕ ਦਹਾਕੇ ਤੋਂ ਲੁਧਿਆਣਾ -ਮੋਗਾ- ਤਲਵੰਡੀ ਭਾਈ ਤੱਕ ਉਸਾਰੀ ਜਾ ਰਹੇ ਚਹੁੰ ਮਾਰਗੀ ਕੌਮੀ ਸ਼ਾਹਰਾਹ ਦੇ ਅਧੂਰੇ ਕੰਮ ਕਾਰਨ ਨਰਕ ਭਰਪੂਰ ਜ਼ਿੰਦਗੀ ਜਿਉਂ ਰਹੇ ਲੋਕਾਂ ਦੇ ਦੁੱਖਾਂ ਦਾ ਅੰਤ ਹੋਣ ਦੀ ਆਸ ਬੱਝੀ ਹੈ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਹੁਣ ਅਧਵਾਟੇ ਰੁਕੇ ਵਿਕਾਸ ਕੰਮ ਨੂੰ ਠੇਕੇਦਾਰ ਦੀ ਬਜਾਏ ,ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਖੁਦ ਆਪਣੀ ਨਿਗਰਾਨੀ ਹੇਠ ਪੂਰਾ ਕਰਵਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਦੱਸਿਆ ਕਿ ਉਹਨਾਂ ਪਹਿਲਾਂ ਕੇਂਦਰੀ ਪਰਿਵਹਨ ਮੰਤਰੀ ਸ਼੍ਰੀ ਨਿਤਨ ਗਡਕਰੀ ਤੇ ਫਿਰ ਪਿਛਲੇ ਦਿਨੀਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਸੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਕੇਂਦਰੀ ਮੰਤਰਾਲੇ ਨਾਲ ਉਠਾਉਣ ਉਪਰੰਤ ਅੱਜ ਦਿੱਲੀ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ,ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅਹਿਮ ਭੂਮਿਕਾ ਨਿਭਾਈ । ਇਸ ਉਪਰੰਤ ਅਥਾਰਟੀ ਵੱਲੋਂ ਆਪਣੇ ਪੱਧਰ ’ਤੇ ਸੜਕ ਦਾ ਨਿਰਮਾਣ ਮੁਕੰਮਲ ਕਰਨ ਦਾ ਫੈਸਲਾ ਲਿਆ ਗਿਆ । ਡਾ: ਹਰਜੋਤ ਕਮਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਉਹਨਾਂ ਨੂੰ ਦਿੱਲੀ ਤੋਂ ਫੋਨ ’ਤੇ ਦੱਸਿਆ ਕਿ ਚਹੰੁ ਮਾਰਗੀ ਕੌਮੀ ਸ਼ਾਹਰਾਹ ਦੇ ਅਧੂਰੇ ਪਏ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਹਾਈਵੇ ਅਥਾਰਟੀ ਤੁਰੰਤ ਫੰਡ ਜਾਰੀ ਕਰੇਗੀ ਅਤੇ ਛੇਤੀ ਕੰਮ ਪੂਰਾ ਕੀਤਾ ਜਾਵੇਗਾ। ਡਾ: ਹਰਜੋਤ ਕਮਲ ਨੇ ਦੱਸਿਆ ਕਿ 2011 ‘ਚ ਇਸ ਸੜਕ ਦਾ ਠੇਕਾ ਦਿੱਤਾ ਗਿਆ ਸੀ ਅਤੇ ਇਹ ਪ੍ਰੌਜੈਕਟ 2014 ‘ਚ ਮੁਕੰਮਲ ਹੋਣਾ ਸੀ ਪਰ ਠੇਕੇਦਾਰ ਦੀ ਗੈਰ ਦਿਆਨਤਦਾਰੀ ਦੀ ਵਜਹ ਕਰਕੇ ਅਧੂਰੀ ਸੜਕ ਕਾਰਨ 800 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ ਅਤੇ ਅਨੇਕਾਂ ਲੋਕ ਜ਼ਖਮੀ ਹੋਏ ਨੇ ਜਦ ਕਿ ਲਾਗਲੀਆਂ ਸੜਕਾਂ ਅਤੇ ਅਧੂਰੇ ਪੁਲਾਂ ਤੋਂ ਉਡਦੀ ਧੂੜ ਕਾਰਨ ਲੋਕ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਹੋਏ ਹਨ । ਇਸੇ ਕਰਕੇ ਉਹਨਾਂ ਵਿਧਾਇਕ ਬਣਨ ਉਪਰੰਤ ਲਗਾਤਾਰ ਇਸ ਚਹੁੰ ਮਾਰਗੀ ਕੌਮੀ ਸ਼ਾਹਰਾਹ ਪ੍ਰੌਜੈਕਟ ਨੂੰ ਪੂਰਾ ਕਰਕੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਯਤਨ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਨਾਲ ਰਾਬਤਾ ਬਣਾਉਣ ਸਦਕਾ ਅੱਜ ਇਸ ਅਧੂਰੇ ਪ੍ਰੋਜੈਕਟ ਦੀ ਮੁਕੰਮਲਤਾ ਲਈ ਕਾਰਵਾਈ ਆਰੰਭ ਹੋ ਗਈ ਹੈ।