‘ਹੱਲਾ ਬੋਲ,ਪੋਲ ਖੋਲ੍ਹ‘ ਮੁਹਿੰਮ ਰਾਹੀਂ ‘ਆਪ‘ ਨੇ ਰਾਡਾਰ ‘ਤੇ ਲਏ ਬਾਦਲ,ਪੰਜਾਬ ਨੂੰ ਮਾਫ਼ੀਆ ਹਵਾਲੇ ਸੁੱਟ ਕੇ ਹੁਣ ਮਗਰਮੱਛ ਦੇ ਹੰਝੂ ਨਾ ਵਹਾਉਣ ਸੁਖਬੀਰ ਬਾਦਲ- ਹਰਪਾਲ ਸਿੰਘ ਚੀਮਾ

ਮੋਗਾ/ ਚੰਡੀਗੜ੍ਹ, 24 ਦਸੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਹੋਰ ਲੁੱਟ ਦੇ ਦੋਸ਼ ਲਗਾਉਂਦਿਆਂ ਸ਼ੁਰੂ ਕੀਤੇ ਧਰਨਿਆਂ ਨੂੰ ਮਗਰਮੱਛ ਦੇ ਹੰਝੂ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਕਾਲੀ ਦਲ ਦੀ ਇਸ ਧਰਨੇ ਮੁਹਿੰਮ ‘ਤੇ, ‘ਪੋਲ ਖੋਲ੍ਹ, ਹੱਲਾ ਬੋਲ‘ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਮੋਗਾ ਵਿਖੇ ਸਥਿਤੀ ਉਸ ਸਮੇਂ ਰੋਚਕ ਬਣ ਗਈ ਜਦੋਂ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ -ਭਾਜਪਾ ਦੇ ਪਿਛਲੇ 10 ਸਾਲਾਂ ਦੇ ਸ਼ਾਸਨ ਦੀਆਂ ਜਮ ਕੇ ਪੋਲਾਂ ਖੋਲੀਆਂ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪਾਰਟੀ ਦੇ ਬੁਲਾਰੇ ਅਤੇ ਮੋਗਾ ਦੇ ਹਲਕਾ ਪ੍ਰਧਾਨ ਨਵਦੀਪ ਸੰਘਾ, ਪਿਆਰਾ ਸਿੰਘ, ਸੁਖਦੀਪ ਧਾਮੀ, ਮਨਪ੍ਰੀਤ ਰਿੰਕੂ, ਅਮਨ ਰੱਖੜਾ, ਸੁਰਜੀਤ ਸਿੰਘ, ਸੰਜੀਵ ਕੋਛੜ, ਊਸ਼ਾ ਰਾਣੀ, ਕੁਲਦੀਪ ਕੌਰ ਮੌਜੂਦ ਸਨ। ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਅੰਦਰ ਮਾਫ਼ੀਆ ਰਾਜ ਦੀ ਜੜ੍ਹ ਉਨ੍ਹਾਂ (ਬਾਦਲ) ਦੀ ਸਰਕਾਰ ਨੇ ਲਗਾਈ ਸੀ ਅਤੇ ਸੁਖਬੀਰ ਸਿੰਘ ਬਾਦਲ ਮਾਫ਼ੀਆ ਦੇ ਪਿਤਾਮਾ (ਫਾਊਂਡਰ) ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਹੁਣ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਬਿਜਲੀ ਮਾਫ਼ੀਆ, ਲੈਂਡ ਮਾਫ਼ੀਆ, ਮੰਡੀ ਮਾਫ਼ੀਆ ਅਤੇ ਡਰੱਗ ਮਾਫ਼ੀਆ ਵਰਗੇ ਮੁੱਦਿਆਂ ‘ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਸੂਬੇ ‘ਚ ਗੈਂਗਸਟਰ ਪੈਦਾ ਹੋਏ ਅੱਜ ਜਿੱਥੇ ਸੁਖਬੀਰ ਬਾਦਲ ਦੇ ਸਾਰੇ ਮਾਫ਼ੀਆ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲੀ ਹੋਈ ਹੈ, ਉੱਥੇ ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਰਾਜ ਚਲਾ ਰਹੇ ਹਨ।  ਇਹ ਗੈਂਗਸਟਰ ਬਾਦਲ ਸਰਕਾਰ ਵੇਲੇ ਹੀ ਪੈਦਾ ਹੋਏ ਸਨ ਤੇ ਕਾਂਗਰਸ ਸਰਕਾਰ ਵੇਲੇ ਵੀ ਇਹ ਦੂਣੇ-ਤੀਣੇ ਵੱਧ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਹਰ ਤਰ੍ਹਾਂ ਦਾ ਮਾਫ਼ੀਆ ਸਰਗਰਮ ਹੈ ਅਤੇ ਪੰਜਾਬ ਦੀ ਜਨਤਾ ਦਾ ਆਮ ਪੈਸਾ ਕਾਰਪੋਰੇਟ ਘਰਾਣੇ ਤੇ ਚੱਲ ਰਹੇ ਮਾਫ਼ੀਆ ਹੀ ਖਾ ਰਹੇ ਹਨ, ਪਰ ਦੂਜੇ ਪਾਸੇ ਜਿੱਥੇ ਸਾਡੀ ਨੌਜਵਾਨੀ ਨਸ਼ਿਆਂ ਦੀ ਦਲਦਲ ‘ਚ ਧਸ ਕੇ ਮੌਤ ਦੇ ਮੂੰਹ ਵੱਲ ਜਾ ਰਹੀ ਹੈ, ਉੱਥੇ ਹੀ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਆਰਥਿਕ ਪੱਖੋਂ ਡੋਲਿਆ ਹੋਇਆ ਹੈ ਤੇ ਆਏ ਦਿਨ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਜਾ ਰਹੇ ਧਰਨੇ ਮਹਿਜ਼ ਇੱਕ ਡਰਾਮਾ ਹਨ।