ਪੱਤਰਕਾਰੀ ਦੇ ਸ਼ਿੰਗਾਰ ਰਹੇ ਸ਼ਿੰਗਾਰਾ ਸਿੰਘ ਭੁੱਲਰ ਦੀ ਮੌਤ ’ਤੇ ਸਮੁੱਚੇ ਪੰਜਾਬੀ ਜਗਤ ‘ਚ ਸ਼ੋਕ ਦੀ ਲਹਿਰ

Tags: 

ਚੰਡੀਗੜ੍ਹ,11 ਦਸੰਬਰ (ਜਸ਼ਨ): ਅੱਜ ਦਾ ਸੂਰਜ ਅਸਤ ਹੁੰਦਿਆਂ ਹੁੰਦਿਆਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਦਗਦਗ ਕਰਦੇ ਸੂਰਜ ਨੂੰ ਵੀ ਨਾਲ ਲੈ ਗਿਆ । ਪੱਤਰਕਾਰੀ ਦੇ ਖੇਤਰ ‘ਚ ਆਪਣੀ ਕਾਬਲੀਅਤ ਸਦਕਾ ਤਮਾਮ ਉਮਰ ਚਾਨਣ ਮੁਨਾਰਾ ਬਣੇ ਰਹੇ ਸ਼ਿੰਗਾਰਾ ਸਿੰਘ ਭੁੱਲਰ ਅੱਜ ਪੰਜਾਬੀਆਂ ਨੂੰ ਅਲਵਿਦਾ ਆਖ ਗਏ । ਪੰਜਾਬੀ ਟਿ੍ਰਬਿਊਨ, ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ,ਦੇਸ਼ ਵਿਦੇਸ਼ ਟਾਈਮਜ਼ ਅਤੇ  ਸਪੋਕਸਮੈਨ ਅਖਬਾਰਾਂ ‘ਚ ਮੁੱਖ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਉੱਘੇ ਪੱਤਰਕਾਰ ਸਰਦਾਰ ਸ਼ੰਗਾਰਾ ਸਿੰਘ ਭੁੱਲਰ ਸੰਖੇਪ ਬਿਮਾਰੀ ਪਿੱਛੋਂ ਅੱਜ ਸ਼ਾਮੀ ਪੰਜ ਵਜੇ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ 12 ਦਸੰਬਰ ਨੂੰ ਦੁਪਹਿਰ 3 ਵਜੇ ਮੁਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ । ਪੰਜਾਬੀ ਪੱਤਰਕਾਰੀ ਦੀ ਇਕ ਸੋਹਜ, ਸੁਲਝੀ ਤੇ ਨਿਮਰਤਾ ਦੀ ਪੁੰਜ ਸ਼ਖਸੀਅਤ ਭੁੱਲਰ ਸਾਹਿਬ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ।   ਉਹ ਵਧੀਆ ਐਡੀਟਰ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਸਨ ਖਾਸਕਰ ਉਹ ਆਪਣੇ ਮਿੱਠੜੇ ਸੁਭਾਅ ਸਦਕਾ ਹਰ ਕਿਸੇ ਨੂੰ ਆਪਣੀ ਸ਼ਖਸੀਅਤ ਨਾਲ ਪ੍ਰਭਾਵਿਤ ਕਰਦੇ ਸਨ ।  ਬੇਸ਼ੱਕ ਮੈਂ ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਚੰਡੀਗੜ੍ਹ ਲਈ ਬਤੌਰ ਪੱਤਰਕਾਰ ਮੋਗਾ ਜ਼ਿਲ੍ਹੇ ਤੋਂ ਸੇਵਾਵਾਂ ਨਿਭਾਅ ਰਹੀ ਹਾਂ ਪਰ ਮੇਰੇ ਵੱਲੋਂ ਚਲਾਏ ਜਾ ਰਹੇ ਆਨਲਾਈਨ ਨਿੳੂਜ਼ ਪੋਰਟਲ ‘ਸਾਡਾ ਮੋਗਾ ਡੌਟ ਕੌਮ’ ਲਈ ਸ਼ਾਇਦ ਇਹ ਸਭ ਤੋਂ ਵੱਡੀ ਪ੍ਰਾਪਤੀ ਰਹੀ ਜਦੋਂ ਇਕ ਦਿਨ ਅਚਾਨਕ ਭੁੱਲਰ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਸਪੱਸ਼ਟ ਆਖਿਆ ‘‘ਬੇਟਾ ,ਤੁਸੀਂ ਬਹੁਤ ਮਿਹਨਤ ਕਰਦੇ ਹੋ ,ਮੈਂ ਰੋਜ਼ਾਨਾ ਸ਼ਾਮ ਨੂੰ ਤੁਹਾਡੀ ਵੈਬਸਾਈਟ ਚੈੱਕ ਕਰਦਾ ਹਾਂ ’’ । ‘ਤੇ ਇਸ ਤਰਾਂ ਅਕਸਰ ਭੁੱਲਰ ਸਾਹਿਬ ਮੈਨੂੰ ਸਮੇਂ ਸਮੇਂ ਪੱਤਰਕਾਰੀ ਲਈ ਗਾਈਡ ਕਰਦੇ ਰਹੇ ਤੇ ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਮੈਨੂੰ ਐਕਰੀਡੀਏਸ਼ਨ ਲਈ ਅਪਲਾਈ ਕਰਨ ਵਾਸਤੇ ਰਾਇ ਦਿੱਤੀ ਸੀ। ਅੱਜ ਵੀ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਉਪਰੰਤ ਸੋਸ਼ਲ ਮੀਡੀਆ ’ਤੇ ਵੱਖ ਵੱਖ ਪੱਤਰਕਾਰਾਂ ਨੇ ਸਮੇਂ ਸਮੇਂ ‘ਤੇ ਭੁੱਲਰ ਸਾਹਿਬ ਵੱਲੋਂ ਉਹਨਾਂ ਨੂੰ ਦਿੱਤੀ ਅਗਵਾਈ ਲਈ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ। ਮੈਂ ਆਪਣੀ ਸਮੁੱਚੀ ਟੀਮ ਨਾਲ ਪੱਤਰਕਾਰੀ ਦੇ ਸ਼ਿੰਗਾਰ ਰਹੇ ਸ਼ਿੰਗਾਰਾ ਸਿੰਘ ਭੁੱਲਰ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਅਜਿਹੀਆਂ ਸ਼ਖਸੀਅਤਾਂ ਨੂੰ ਮੁੜ ਮੁੜ ਇਸ ਧਰਤੀ ’ਤੇ ਭੇਜਦਾ ਰਹੇ ਤਾਂ ਕਿ ਅਜਿਹੀਆਂ ਰੂਹਾਂ ਉਸਾਰੂ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਂਦੀਆਂ ਰਹਿਣ।