ਤਿ੍ਰਪਤ ਬਾਜਵਾ ਵਲੋਂ ਜੇ.ਈ.ਈ. ਦਾਖ਼ਲਾ ਟੈਸਟ ਪੰਜਾਬੀ ਵਿਚ ਵੀ ਲੈਣ ਦੀ ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਤੋਂ ਕੀਤੀ ਮੰਗ

ਚੰਡੀਗੜ੍ਹ, 1 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਉੱਚੇੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ ਨੇ ਅੱਜ ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਮੁਲਕ ਦਾ ਵਕਾਰੀ ਦਾਖ਼ਲਾ ਟੈਸਟ ਜੇ.ਈ.ਈ. (ਮੁੱਖ) ਦੂਜੀਆਂ ਖੇਤਰੀ ਭਾਸ਼ਾਵਾਂ ਦੀ ਤਰਾਂ ਪੰਜਾਬੀ ਭਾਸ਼ਾ ਵਿਚ ਵੀ ਲਿਆ ਜਾਵੇ। ਸ਼੍ਰੀ ਬਾਜਵਾ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਕੇਂਦਰੀ ਮੰਤਰੀ ਰਮੇਸ਼ ਪੋਖ਼ਰਿਆਲ ਨਿਸ਼ੰਕ ਨੂੰ ਅੱਜ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਇਹ ਦਾਖ਼ਲਾ ਟੈਸਟ ਸ਼ੁਰੂ ਵਿਚ ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਭਾਸ਼ਾਵਾਂ ਵਿਚ ਲਿਆ ਜਾਂਦਾ ਸੀ।ਪਰ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਮੰਗ ਉੱਤੇ ਕੇਂਦਰੀ ਮੰਤਰਾਲੇ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਹ 2021 ਤੋਂ ਇਹ ਦਾਖ਼ਲਾ ਟੈਸਟ ਅਸਾਮੀ, ਬੰਗਾਲੀ, ਤਾਮਿਲ, ਕੱਨੜ, ਉਰਦੂ, ਮਰਾਠੀ, ਉੜੀਆ ਅਤੇ ਤੇਲਗੂ ਭਾਸ਼ਾਵਾਂ ਵਿਚ ਵੀ ਲਿਆ ਜਾਇਆ ਕਰੇਗਾ।ਉਹਨਾਂ ਕਿਹਾ ਕਿ ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਨੂੰ ਇਸ ਸੂਚੀ ਵਿਚ ਨਾ ਸ਼ਾਮਲ ਕਰ ਕੇ ਪੰਜਾਬੀ ਭਾਸ਼ਾ ਨਾਲ ਵਿਤਕਰਾ ਕੀਤਾ ਗਿਆ ਹੈ।ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਜੇ.ਈ.ਈ. (ਮੁੱਖ) ਦਾਖ਼ਲਾ ਟੈਸਟ ਮੁਲਕ ਦਾ ਉਹ ਵਕਾਰੀ ਟੈਸਟ ਹੈ ਜਿਸ ਰਾਹੀਂ ਦੇਸ਼ ਦੇ ਪ੍ਰਮੁੱਖ ਇੰਜਨੀਅਰਿੰਗ ਕਾਲਜਾਂ ਅਤੇ ਆਈ.ਆਈ.ਟੀ. ਸੰਸਥਾਵਾਂ ਵਿਚ ਇੰਜਨੀਅਰਿੰਗ ਅਤੇ ਆਰਕੀਟੈਕਚਰਲ ਦੇ ਦਾਖ਼ਲੇ ਕੀਤੇ ਜਾਂਦੇ ਹਨ।ਪਹਿਲਾਂ ਇਹ ਟੈਸਟ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਦੁਆਰਾ ਲਿਆ ਜਾਂਦਾ ਸੀ, ਪਰ ਹੁਣ ਇਹ ਟੈਸਟ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੁਆਰਾ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਰਾਹੀਂ ਲਿਆ ਜਾਂਦਾ ਹੈ।ਸ਼੍ਰੀ ਬਾਜਵਾ ਨੇ ਕਿਹਾ ਕਿ ਜੇ ਪੰਜਾਬੀ ਭਾਸ਼ਾ ਨੂੰ ਇਸ ਟੈਸਟ ਦੀਆਂ ਭਾਸ਼ਾਵਾਂ ਦੀ ਸੂਚੀ ਵਿਚ ਨਾ ਪਾਇਆ ਗਿਆ ਤਾਂ ਪੰਜਾਬ ਦੇ ਸੈਂਕੜੇ ਵਿਦਿਆਰਥੀ ਮੁਲਕ ਦੇ ਵਕਾਰੀ ਇੰਜਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਲੈਣ ਤੋਂ ਵਾਂਝਾ ਰਹਿ ਜਾਣਗੇ।ਇਸ ਤੋਂ ਬਿਨਾਂ ਸੂਬੇ ਦੇ ਵਿਦਿਆਰਥੀਆਂ ਨੂੰ ਮਜ਼ਬੂਰਨ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਵਿਚ ਪੜ੍ਹਣਾ ਪਵੇਗਾ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਰਾਹ ਵਿੱਚ ਬੜਾ ਵੱਡਾ ਰੋੜਾ ਸਿੱਧ ਹੋਵੇਗਾ। ਉਹਨਾਂ ਨੇ ਕੇਂਦਰੀ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਜੇ.ਈ.ਈ. (ਮੁੱਖ) ਦਾਖ਼ਲਾ ਟੈਸਟ ਦੀਆਂ ਭਾਸ਼ਾਵਾਂ ਦੀ ਸੂਚੀ ਵਿਚ ਜੋੜਣ ਲਈ ਤੁਰੰਤ ਲੋਂੜੀਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬੀ ਨੂੰ ਵੀ ਆਪਣੀ ਢੁਕਵੀਂ ਥਾਂ ਮਿਲ ਸਕੇ।