ਮਾਮਲਾ ਸੰਗਰੂਰ ਵਿੱਖੇ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦਾ,ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਵਾਲੀ ਪੁਲਸ ਦੀ ਧੱਕੇਸ਼ਾਹੀ ਬਰਦਾਸ਼ਤ ਤੋਂ ਬਾਹਰ : ਬੈਂਸ

ਲੁਧਿਆਣਾ, 25 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੰਗਰੂਰ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਬੁਰਜਗਾਰ ਅਧਿਆਪਕਾਂ ਤੇ ਕੀਤੇ ਗਏ ਪੁਲਸ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਬੇਰੁਜਗਾਰ ਅਧਿਆਪਕਾਂ ਦੇ ਨਾਲ ਹੈ ਅਤੇ ਅਧਿਆਪਕਾਂ ਤੇ ਕੀਤੇ ਗਏ ਲਾਠੀਚਾਰਜ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਬੇਰੁਜਗਾਰਾਂ ਨੂੰ ਨੌਕਰੀ ਦੇਣਾ ਸਰਕਾਰ ਦਾ ਪਹਿਲਾ ਫਰਜ ਹੈ ਅਤੇ ਜੇਕਰ ਕੋਈ ਬੇਰੁਜਗਾਰ ਵਿਅਕਤੀ ਆਪਣੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦਾ ਹੈ ਤਾਂ ਸਰਕਾਰ ਦੇ ਇਸ਼ਾਰੇ ਤੇ ਸੂਬੇ ਦੀ ਪੁਲਸ ਲਾਠੀਚਾਰਜ ਕਰਦੀ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਤਿੰਨ ਸਾਲਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚ ਇੱਕ ਵੀ ਪੂਰਾ ਨਹੀਂ ਕੀਤਾ ਅਤੇ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਮਾਸਟਰਾਂ ਦੀਆਂ ਤਨਖਾਹਾਂ 45 ਹਜਾਰ ਤੋਂ ਘੱਟ ਕਰਕੇ 15 ਹਜਾਰ ਰੁਪਏ ਪਤਾ ਨਹੀਂ ਕਿਹੜੇ ਕਾਨੂੰਨ ਤਹਿਤ ਕੀਤੇ ਤੇ ਅੱਜ ਜਿੱਥੇ ਨੌਜਵਾਨਾਂ ਨੂੰ ਮੋਬਾਇਲ ਦੇਣ ਦੇ ਲਾਰੇ ਲਗਾ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਉੱਥੇ ਕਿਸਾਨਾਂ ਦਾ ਕਰਜਾ ਮੁਆਫੀ ਕਰਨ ਦੀ ਗੱਲ ਤਾਂ ਦੂਰ ਗੰਨਾ ਕਿਸਾਨਾਂ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ, ਜਿਸ ਲਈ ਗੰਨਾ ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਜਿੱਥੇ ਪੁਲਸ ਖੁਦ ਨਸ਼ਾ ਵੇਚਦੀ ਹੋਵੇ ਉੱਥੇ ਨਸ਼ਾ ਤਸਕਰਾਂ ਖਿਲਾਫ ਕਿਸ ਤਰਾਂ ਕਾਰਵਾਈ ਕਰ ਸਕਦੀ ਹੈ। ਵਿਧਾਇਕ ਬੈਂਸ ਨੇ ਸੂਬੇ ਦੀ ਕੈਪਟਨ ਸਰਕਾਰ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਕੈਪਟਨ ਨੂੰ ਆਪਣੇ ਆਪ ਹੀ ਕੁਰਸੀ ਛੱਡ ਦੇਣੀ ਚਾਹੀਦੀ ਹੈ, ਨਹੀਂ ਤਾਂ 2022 ਵਿੱਚ ਲੋਕ ਕਾਂਗਰਸ ਨੂੰ ਚਲਦਾ ਕਰਨ ਦਾ ਇੰਤਜਾਰ ਕਰ ਰਹੇ ਹਨ।