ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ,ਨਾਮ ਜਪਣ ਅਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾ ਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ: ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲੇ

ਮੋਗਾ,12 ਨਵੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਜਦੋਂ ਸਾਡੇ ਜੀਵਨ ਵਿਚ ਇਹ ਸ਼ੁੱਭ ਮੌਕਾ ਆਇਆ ਹੈ ।  ਉਹਨਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਅੱਜ ਦੇ ਜੀਵਨ ਵਿਚ ਵੀ ਪਹਿਲਾਂ ਵਾਂਗ ਪ੍ਰਸੰਗਿਕ ਹਨ। ਮੰਡੀਰਾਂ ਵਾਲਿਆਂ ਨੇ ਆਖਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪਰਮਾਤਮਾ ਇਕ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਕਿਸੇ ਵਿਅਕਤੀ ਜਾਂ ਵਿਚੋਲੇ ਦੀ ਲੋੜ ਨਹੀਂ ਹੁੰਦੀ ਬਲਕਿ ਅਸੀਂ ਕਿਰਤ ਕਰਨ ਤੇ ਵੰਡ ਛਕਣ ਦੇ ਫਲਸਫੇ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ । ਬਾਬਾ ਬਲਦੇਵ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜੋਕੇ ਯੁੱਗ ਵਿਚ ਝੂਠ ਅਤੇ ਫਰੇਬ ਨੂੰ ਭਾਰੂ ਨਾ ਹੋਣ ਦੇਈਏ ਬਲਕਿ ਸੱਚ ਦੇ ਮਾਰਗ ’ਤੇ ਚੱਲਦਿਆਂ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਕਿਰਤ ਕਰਨ ਅਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾਈਏ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਜਿਉਣ ਅਤੇ ਨਿਤ ਦਿਨ ਉਸ ਵਾਹਿਗੁਰੂ ਨੂੰ ਯਾਦ ਕਰਨ ਦੀ ਆਦਤ ਪਾਉਣ ।