ਸਮੁੱਚੀ ਮਨੁੱਖਤਾ ਨੂੰ 550 ਸਾਲਾ ਪ੍ਰਕਾਸ਼ ਪੁਰਬ ’ਤੇ ਪਾਣੀ ,ਹਵਾ ਅਤੇ ਮਿੱਟੀ ਨੂੰ ਪਲੀਤ ਹੋਣ ਤੋਂ ਬਚਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ :ਕੁਲਬੀਰ ਸਿੰਘ ਲੌਂਗੀਵਿੰਡ

ਮੋਗਾ,11 ਨਵੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ  ਸੰਗਤਾਂ ਨੂੰ ਵਧਾਈ ਦਿੰਦਿਆਂ ਪੀ ਏ ਡੀ ਬੀ ਧਰਮਕੋਟ ਚੇਅਰਮੈਨ ਕੁਲਬੀਰ ਸਿੰਘ ਲੌਗੀਵਿੰਡ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹਨ ਅਤੇ ਰਹਿੰਦੀ ਦੁਨੀਆਂ ਤੱਕ ਇਹ ਅਟੱਲ ਰਹਿਣਗੀਆਂ।  ਉਨਾਂ ਕਿਹਾ ਕਿ 15ਵੀਂ ਸ਼ਤਾਬਦੀ ‘ਚ ਜਦੋਂ ਜਾਤ-ਪਾਤ ਅਤੇ ਊਚ-ਨੀਚ ਦਾ ਬੋਲਬਾਲਾ ਸੀ, ਤਾਂ ਅਜਿਹੇ ਸਮੇਂ ‘ਚ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਘਰ-ਘਰ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਊਚ ਨੀਚ ਦੇ ਵਿਤਕਰੇ ਨੂੰ ਖਤਮ ਕਰਨ ਦੇ ਨਾਲ ਨਾਲ ਇਸਤਰੀਆਂ ਨੂੰ ਮਹਾਨ ਦਰਜਾ ਦਿੱਤਾ । ਉਨਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ ਪਾਣੀ ,ਕੁਦਰਤ ਅਤੇ ਹਰਿਆਵਲ ਦੀ ਮਹੱਤਤਾ ਬਾਰੇ ਦੁਨੀਆਂ ਨੂੰ ਗਿਆਨ ਦਿੱਤਾ ਸੀ ਜਿਸ ਲਈ ਅੱਜ ਵੀ ਮਨੁੱਖ ਸੁਚੇਤ ਨਹੀਂ ਹਨ । ਲੌਗੀਵਿੰਡ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਪਾਣੀ ,ਹਵਾ ਅਤੇ ਮਿੱਟੀ ਨੂੰ ਪਲੀਤ ਹੋਣ ਤੋਂ ਬਚਾਈਏ ਤਾਂ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ।