ਸਵਰਨਕਾਰ ਰਾਜਪੂਤ ਸਭਾ ਨੇ ਰਾਜਸਥਾਨ ਤੋਂ ਆਏ ਸੰਤ ਡਾ: ਗੁਰਚਰਨ ਸਿੰਘ ਸੇਕ ਦਾ ਪੰਜਾਬ ਆਉਣ ’ਤੇ ਕੀਤਾ ਸਨਮਾਨ, ਜੈਤੋ ਦੇ ਮੋਰਚੇ ਦੀ ਮਹਾਨ ਨਾਇਕਾ ਮਾਤਾ ਕਿਸ਼ਨ ਕੌਰ ਕਾਉਂਕੇ ਕਲਾਂ ਨੂੰ ਕੀਤਾ ਯਾਦ

ਮੋਗਾ, 8 ਨਵੰਬਰ (ਜਸ਼ਨ):ਸਵਰਨਕਾਰ ਰਾਜਪੂਤ ਸਭਾ ਮੋਗਾ ਦੇ ਬੁਲਾਵੇ ਤੇ ਰਾਜਸਥਾਨ ਤੋਂ ਪੰਜਾਬ ਫੇਰੀ ਤੇ ਆਏ ਸੰਤ ਡਾ ਗੁਰਚਰਨ ਸਿੰਘ ਸੇਕ ਪ੍ਰਸਿੱਧ ਲੇਖਕ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੇ ਗ੍ਰਹਿ ਦਸ਼ਮੇਸ ਨਗਰ ਮੋਗਾ ਵਿਖੇ ਪਹੁੰਚੇ । ਇਸ ਮੌਕੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਸੀਨੀਅਰ ਮੀਤ ਪ੍ਰਧਾ, ਸੱਤਪਾਲ ਸਿੰਘ ਕੰਡਾ ਮੀਤ ਪ੍ਰਧਾਨ ,ਸੁਰਿੰਦਰ ਸਿੰਘ ਬਾਵਾ ਜਨਰਲ ਸਕੱਤਰ ਅਤੇ ਚਰਨਜੀਤ ਸਿੰਘ ਭੰਮ ਕੈਸ਼ੀਅਰ ਹਾਜ਼ਰ ਸਨ। ਸਮੂਹ ਅਹੁਦੇਦਾਰਾਂ ਨੇ ਲੇਖਕ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਡਾ ਗੁਰਚਰਨ ਸਿੰਘ ਸੇਕ ਵੱਲੋਂ ਧਾਰਮਿਕ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ । ਇਸ ਸੰਖੇਪ ਮਿਲਣੀ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਨੇ ਸਿੱਖਿਆ ਹਾਸਲ ਕਰਨ ਦੌਰਾਨ ਡਾ: ਸੇਕ ਨਾਲ ਬਿਤਾਏ ਅਤੀਤ ਦੇ ਪਰਛਾਵਿਆਂ ਨੂੰ ਯਾਦ ਕਰਦਿਆਂ ਮਹਿਸੂਸ ਕੀਤਾ ਕਿ ਉਹਨਾਂ ਸਮਿਆਂ ਵਿਚ ਜ਼ਿੰਦਗੀ ਬੇਹੱਦ ਸਾਦਗੀ ਭਰਪੂਰ ਸੀ ਅਤੇ ਸਾਧਨਾਂ ਦੀ ਕਮੀਂ ਸੀ ਪਰ ਉਸ ਸਮੇਂ ਦਾ ਮਾਹੌਲ ਹੁਣ ਨਾਲੋਂ ਕਿਤੇ ਬਿਹਤਰ ਸੀ । ਇਸ ਮੌਕੇ ਸਰਬ ਸੰਮਤੀ ਨਾਲ ਇਕ ਮਤੇ ਰਾਹੀਂ ਜੈਤੋ ਦੇ ਮੋਰਚੇ ਦੀ ਮਹਾਨ ਨਾਇਕਾ ਮਾਤਾ ਕਿਸ਼ਨ ਕੌਰ ਕਾਉਂਕੇ ਕਲਾਂ ਨੂੰ ਯਾਦ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਕਿਸ਼ਨ ਕੌਰ ਦੇ ਕੁਰਬਾਨੀ ਭਰੇ ਇਤਿਹਾਸ ਅਤੇ ਉਹਨਾਂ ਦੇ ਸੰਘਰਸ਼ਮਈ ਜੀਵਨ ਤੇ ਇਕ ਪੁਸਤਕ ਲਿਖੀ ਜਾਵੇ ਜਿਸ ਲਈ ਡਾ: ਸੰਤ ਗੁਰਚਰਨ ਸਿੰਘ ਸੇਕ ਨੇ ਸਾਰੇ ਮੈਂਬਰਾਂ ਦੀ ਸਲਾਹ ਨਾਲ ਲੇਖਕ ਸੁਰਜੀਤ ਸਿੰਘ ਕਾਕੇ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਕਿਉਂਕਿ ਪ੍ਰੋ: ਸੁਰਜੀਤ ਸਿੰਘ ਲੁਧਿਆਣਾ ਜ਼ਿਲੇ ਦੇ ਪਿੰਡ ਕਾਉਂਕੇ ਕਲਾਂ ਨਾਲ ਸਬੰਧ ਰੱਖਦੇ ਹਨ ਅਤੇ ਉਹ ਮਾਤਾ ਕਿਸ਼ਨ ਕੌਰ ਬਾਰੇ ਜ਼ਿਆਦਾ ਵਧੀਆ ਤਰੀਕੇ ਨਾਲ ਲਿੱਖ ਸਕਦੇ ਹਨ ।  ਸਵਰਨਕਾਰ ਰਾਜਪੂਤ ਸਭਾ ਦੇ ਸਮੂਹ ਮੈਂਬਰਾਂ ਨੇ ਇਸ ਕਾਰਜ ਲਈ ਪ੍ਰੋ: ਸੁਰਜੀਤ ਸਿੰਘ ਕਾਉਂਕੇ ਨੂੰ ਆਪਣੇ ਵੱਲੋਂ ਹਰ ਕਿਸਮ ਦਾ ਸਹਿਯੋਗ ਦੇਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ ।  ਸੰਤ ਡਾ: ਗੁਰਚਰਨ ਸਿੰਘ ਸੇਕ ਅਤੇ ਉਹਨਾਂ ਦੇ ਨਾਲ ਆਏ ਸੇਵਕ ਇੰਦਰਵੀਰ ਸਿੰਘ ਨੇ ਸਵਰਨਕਾਰ ਰਾਜਪੂਤ ਸਭਾ ਦੇ ਸਮੂਹ ਮੈਂਬਰਾਂ ਨੂੰ ਅਸੀਰਵਾਦ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਭਾ ਦੀ ਚੜਦੀ ਕਲਾਂ ਲਈ ਅਰਦਾਸ ਕੀਤੀ।