ਗਰੀਨ ਦੀਵਾਲੀ ਮਨਾਉਣਾ ਹਰੇਕ ਨਾਗਰਿਕ ਦਾ ਫਰਜ਼- ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,26 ਅਕਤੂਬਰ (ਜਸ਼ਨ): ‘ਗਰੀਨ ਦੀਵਾਲੀ ਮਨਾਉਣ ਦੇ  ਸੰਦੇਸ਼ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਇਆ ਜਾਵੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਤੰਦਰੁਸਤ ਪੰਜਾਬ ਦਾ ਸੁਪਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਦਾਰੀ ਹੈ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕੀਤਾ। ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਬੇਹੱਦ ਸਫ਼ਲ ਰਹੀ ਅਤੇ ਇਸ ਵਾਰ ਉਹਨਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ 550 ਬੂਟੇ ਲਗਾ ਕੇ ਗੁਰੂ ਨਾਨਕ ਬਗੀਚੀਆਂ ਬਣਾਉਣ ਦੀ ਦਿੱਤੀ ਪ੍ਰੇਰਨਾ ਸਦਕਾ ਪੰਜਾਬ ਦੇ ਪਿੰਡਾਂ ਵਿਚ ਲੱਖਾਂ ਪੌਦੇ ਲਗਾ ਦਿੱਤੇ ਗਏ ਹਨ ਅਤੇ ਲੋਕ ਇਹਨਾਂ ਦੀ ਸਾਂਭ ਸੰਭਾਲ ਲਈ ਵੀ ਪੂਰੀ ਤਰਾਂ ਸੁਚੇਤ ਹਨ । ਭੰਗੇਰੀਆਂ ਨੇ ਆਖਿਆ ਕਿ ਇਸ ਵਾਰ ਸੂਬਾ ਸਰਕਾਰ ਵਾਤਾਵਰਨ ਸ਼ੁੱਧਤਾ ਲਈ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਵਾਰ ਵਾਰ ਅਪੀਲ ਕਰ ਰਹੀ ਹੈ ਤੇ ਆਓ ਅਸੀਂ ਆਪਣੇ ਬੱਚਿਆਂ ਅਤੇ ਸਕੇ ਸਬੰਧੀਆਂ ਨੂੰ ਦੀਵਾਲੀ ਮੌਕੇ ਚਲਾਏ ਜਾਣ ਵਾਲੇ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਗਰੂਕ ਕਰੀਏ ਅਤੇ ਇਸ ਵਾਰ ਦੀ ਦੀਵਾਲੀ ਨੂੰ ਗਰੀਨ ਦੀਵਾਲੀ ਵਜੋਂ ਮਨਾਈਏ ਤਾਂ ਜੋ ਦੇਸ਼ ਪ੍ਰਦੂਸ਼ਣ ਮੁਕਤ ਹੋ ਸਕੇ।