550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾਂ ਦੌਰਾਨ ਸੰਗਤਾਂ ਲਈ ਟੋਲ ਪਲਾਜ਼ੇ ਫਰੀ ਕਰੇ ਕੇਂਦਰ ਅਤੇ ਪੰਜਾਬ ਸਰਕਾਰ : ਬੈਂਸ

ਲੁਧਿਆਣਾ, 25 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਲੋਕ ਇਨਸਾਫ ਪਾਰਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿੱਚ ਸਾਰੇ ਟੋਲ ਪਲਾਜ਼ੇ ਸੰਗਤ ਲਈ ਮੁਆਫ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪਾਰਟੀ ਵਲੋਂ ਸੂਬੇ ਦੇ ਮੁੱਖ ਮੰਤਰੀ ਅਤੇ ਕੇਂਦਰੀ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ, ਕਿਉਂਕਿ ਹੱਜ ਯਾਤਰਾ ਮੌਕੇ ਜਿੱਥੇ ਕੇਂਦਰ ਸਰਕਾਰ ਸ਼ਰਧਾਲੂਆਂ ਨੂੰ ਸਬਸਿਡੀ ਦਿੰਦੀ ਹੈ ਉੱਥੇ ਸ੍ਰੀ ਅਮਰ ਨਾਥ ਯਾਤਰਾ ਮੌਕੇ ਤੇ ਟੋਲ ਪਲਾਜ਼ੇ ਫਰੀ ਕੀਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ। 70 ਸਾਲਾਂ ਬਾਦ ਖੁੱਲ ਰਹੇ ਸ਼੍ਰੀ ਕਰਤਾਰ ਪੁਰ ਸਾਹਿਬ ਦੇ ਲਾਂਘੇ ਕਾਰਣ ਇਸ ਵਾਰ ਪੰਜਾਬ ਸਮੇਤ ਪੂਰੇ ਦੇਸ਼ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਭਾਰੀ ਗਿਣਤੀ ਵਿੱਚ ਸ਼ਰਧਾਲੂ ਪੰਜਾਬ ਦੇ ਗੁਰਧਾਮਾਂ ਅਤੇ ਸ਼੍ਰੀ ਕਰਤਾਰ ਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ। ਲੱਖਾਂ, ਕਰੋੜਾਂ ਦੀ ਤਾਦਾਦ ਵਿੱਚ ਪੁੱਜਣ ਵਾਲੀ ਸੰਗਤ ਲਈ ਸ਼੍ਰੀ ਸੁਲਤਾਨ ਪੁਰ ਲੋਧੀ ਵਿੱਖੇ ਜਿੱਥੇ ਟੈਂਟ ਸਿਟੀ ਬਣਾਈ ਗਈ ਹੈ ਉੱਥੇ ਸੂਬੇ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਖੇ ਵੀ ਸੰਗਤਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਐਸਜੀਪੀਸੀ, ਪੰਜਾਬ ਸਰਕਾਰ ਦੇ ਨਾਲ ਨਾਲ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਨਾਲ ਨਾਨਕ ਨਾਮ ਲੇਵਾ ਸੰਗਤ ਵੀ ਵਿਸ਼ੇਸ਼ ਸਹਿਯੋਗ ਕਰ ਰਹੀ ਹੈ।  ਉਨਾਂ ਦੱਸਿਆ ਕਿ ਸੰਗਤ ਦੇ ਭਾਰੀ ਗਿਣਤੀ ਵਿੱਚ ਪੰਜਾਬ ਪੁੱਜਣ ਮੌਕੇ ਪੰਜਾਬ ਸਰਕਾਰ ਸੰਗਤਾਂ ਲਈ ਘੱਟੋ ਘੱਟ 1 ਨਵੰਬਰ ਤੋਂ 30 ਨਵੰਬਰ ਤੱਕ ਟੋਲ ਪਲਾਜ਼ਾ ਫਰੀ ਕਰੇ ਤਾਂ ਜੋ ਇਸ ਦੌਰਾਨ ਹੋਣ ਵਾਲੇ ਸਮਾਗਮਾਂ ਦੌਰਾਨ ਜਿੱਥੇ ਟੋਲ ਪਲਾਜ਼ਿਆਂ ਤੇ ਭੀੜ ਜਮਾਂ ਨਹੀਂ ਹੋਵੇਗੀ, ਉੱਥੇ ਦੂਜੇ ਪਾਸੇ ਸੰਗਤ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸ ਦੇ ਨਾਲ ਹੀ ਸੰਗਤਾਂ ਲਈ ਹੀ ਇੱਧਰ ਉੱਧਰ ਲਿਜਾਉਣ ਵਾਲੇ ਲੰਗਰਾਂ ਅਤੇ ਹੋਰ ਸਮਾਨ ਲੈ ਕੇ ਜਾਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਨਾਲ ਬਹੁਤ ਵੱਡੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਉਨਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰੀ ਟਰਾਂਸਪੋਰਟ ਮੰਤਰੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਸੰਗਤ ਲਈ ਫਰੀ ਕੀਤੇ ਜਾਣ, ਕਿਉਂਕਿ ਸ਼੍ਰੀ ਅਮਰਨਾਥ ਯਾਤਰਾ ਮੌਕੇ ਜਿੱਥੇ ਸਾਰੇ ਟੋਲ ਪਲਾਜ਼ੇ ਸ਼ਰਧਾਲੂਆਂ ਲਈ ਫਰੀ ਕੀਤੇ ਜਾਂਦੇ ਹਨ ਉੱਥੇ ਹੱਜ ਯਾਤਰਾ ਮੌਕੇ ਵੀ ਸ਼ਰਧਾਲੂਆਂ ਨੂੰ ਕੇਂਦਰ ਸਰਕਾਰ ਵਿਸ਼ੇਸ਼ ਤੌਰ ਤੇ ਸਬਸਿਡੀ ਦਿੰਦੀ ਹੈ।