‘ਲਾਡੋ 2019 ’ ਮੇਲਾ ਪੂਰੇ ਜਾਲੋ ਜਲੋਅ ਨਾਲ ਸ਼ੁਰੂ ,ਮੇਲੇ ਦਾ ਉਦੇਸ਼ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨਾ:- ਰਾਜੀ ਪੀ. ਸ੍ਰੀਵਾਸਤਵ

ਚੰਡੀਗੜ, 22 ਅਕਤੂਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਦੇ ਯਤਨਾਂ ਨਾਲ ਸਵੈ-ਸਹਾਇਤਾ ਗਰੁੱਪਾਂ ਲਈ ਦੋ ਰੋਜ਼ਾ ‘ਲਾਡੋ-2019’ ਮੇਲਾ ਅੱਜ ਸਥਾਨਕ ਕਿਸਾਨ ਭਵਨ ਵਿਖੇ ਪੂਰੇ ਜਲੌਅ ਨਾਲ ਸ਼ੁਰੂ ਹੋ ਗਿਆ। ਇਹ ਮੇਲਾ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜੋ ਕਿ 24 ਅਕਤੂਬਰ ਤੱਕ ਚੱਲੇਗਾ।
ਇਸ ਦੀ ਜਾਣਕਾਰੀ ਦਿੰਦਿਆਂ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ.ਪੀ. ਸ੍ਰੀਵਾਸਤਵ ਨੇ ਦੱਸਿਆ ਕਿ ਇਹ ਮੇਲਾ ਦੀਵਾਲੀ ਤੋਂ ਪਹਿਲਾਂ ਖ਼ਰੀਦ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਔਰਤਾਂ ਵਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਗਰੁੱਪਾਂ ਦੁਆਰਾ ਹਿੱਸਾ ਲਿਆ ਜਾ ਰਿਹਾ ਹੈ। ਇਹ ਗਰੁੱਪ ਪੰਜਾਬ ਤੋਂ ਇਲਾਵਾ ਛੱਤੀਸਗੜ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼,ਉੱਤਰਾਖੰਡ,ਝਾਰਖੰਡ ਆਦਿ ਸੂੁਬਿਆਂ ਨਾਲ ਸਬੰਧਤ ਹਨ। ਇਨਾਂ ਵਲੋਂ ਹੱਥ ਦੀਆਂ ਬਣੀਆਂ ਵਸਤਾਂ ਸਣੇ ਵੱਖ ਵੱਖ ਤਰਾਂ ਦੀਆਂ ਵਸਤਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਸ੍ਰੀਮਤੀ ਰਾਜੀ ਨੇ ਅੱਗੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨਾਂ ਵਲੋਂ ਬਣਾਈਆਂ ਵਸਤਾਂ ਨੂੰ ਵੇਚਣ ਲਈ ਵਧੀਆ ਮੰਚ ਮੁਹੱਈਆ ਕਰਾਉਣਾ ਹੈ।ਇਸ ਮੌਕੇ  ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਵੈ-ਸਹਾਇਤਾ ਗਰੁੱਪਾਂ ਰਾਹੀਂ ਔਰਤਾਂ ਦੇ ਉੱਦਮੀਕਰਨ ਨੂੰ ਸਫ਼ਲ ਬਣਾਉਣ ਲਈ 22 ਅਕਤੂਬਰ ਨੂੰ ਕਿਸਾਨ ਭਵਨ ਵਿਖੇ ਐਸ.ਈ.ਡਬਲਿਊ.ਏ ਦੇ ਸਹਿਯੋਗ ਨਾਲ ਸਮੂਹ ਗਰੁੱਪਾਂ ਲਈ ਸਿਖਲਾਈ ਅਤੇ ਓਰੀਏਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ ’ਤੇ  ਮਾਹਰਾਂ ਵਲੋਂ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਵਸਤਾਂ ਦੀ ਸਾਂਭ-ਸੰਭਾਲ, ਮਿਆਰ, ਪੈਕਿੰਗ, ਪੈਕਿੰਗ ਡਿਜ਼ਾਈਨ, ਮੰਡੀਕਰਨ, ਗਾਹਕਾਂ ਨਾਲ ਸਬੰਧ ਬਣਾਉਣ ਦੇ ਬਾਰੇ ਵਿੱਚ ਸਿਖਲਾਈ ਦਿੱਤੀ ਗਈ । ਉਨਾਂ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਅਜਿਹੇ ਮੇਲਿਆਂ ਦਾ ਆਯੋਜਨ ਸਾਲ ਵਿੱਚ ਦੋ ਵਾਰ ਅਪ੍ਰੈਲ ਅਤੇ ਅਕਤੂਬਰ ਵਿੱਚ ਕੀਤਾ ਜਾਵੇਗਾ। ਉਨਾਂ ਵਿਭਾਗ ਦੇ ਮੁਲਾਜ਼ਮਾ ਅਤੇ ਆਮ ਲੋਕਾਂ ਨੂੰ ਮੇਲੇ ਵਿਚ ਸ਼ਾਮੂਲੀਅਤ ਕਰਨ ਅਤੇ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਹਿੱਤ ਮੇਲੇ ਵਿਚੋਂ ਵੱਧ-ਚੜ ਕੇ ਖ਼ਰੀਦੋ-ਫ਼ਰੋਖ਼ਤ ਕਰਨ ਦੀ ਅਪੀਲ ਕੀਤੀ ਹੈ।