ਪੰਜਾਬ ਸਰਕਾਰ ਓਟ ਕਲੀਨਿਕਾਂ ਤੋਂ ‘ਟੇਕ ਹੋਮ ਡੋਜ਼’ ਸਰਵਿਸ ਦੀ ਸ਼ੁਰੂਆਤ ਕਰਨ ਲਈ ਪੂਰੀ ਤਰਾਂ ਤਿਆਰ : ਬਲਬੀਰ ਸਿੰਘ ਸਿੱਧੂ

ਚੰਡੀਗੜ, 20 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :      :ਓ.ਓ.ਏ.ਟੀ. (ਆਉਟਪੇਸ਼ੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ) ਕਲੀਨਿਕਾਂ ਅਤੇ ਸਰਕਾਰੀ ਨਸ਼ਾ-ਛੁਡਾਊ ਕੇਂਦਰਾਂ ਵਿੱਚ ਇਲਾਜ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਸੂਬਾ ਸਰਕਾਰ ‘ਟੇਕ ਹੋਮ ਡੋਜ਼’ ਸਰਵਿਸ ਦੀ ਸ਼ੁਰੂਆਤ ਕਰਨ ਲਈ ਪੂਰੀ ਤਰਾਂ ਤਿਆਰ ਹੈ ਜੋ ਨਸ਼ਾ-ਛੁਡਾਊ ਪੋ੍ਰਗਰਾਮ ਅਧੀਨ ਬਿਲਕੁਲ ਮੁਫ਼ਤ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਦਿੱਤੀ।ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 35 ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ 181 ਓ.ਓ.ਏ.ਟੀ. ਕਲੀਨਿਕ ਚਲਾਏ ਜਾ ਰਹੇ ਹਨ ਜਿਨਾਂ ਵਿੱਚ ਸੂਬੇ ਭਰ ਦੇ 1,00,000 ਤੋਂ ਵੱਧ ਮਰੀਜ਼ਾਂ ਨੰੂ ਨਸ਼ਾ ਛੁਡਾਉਣ ਸਬੰਧੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਇਹ ਵੇਖਣ ਵਿੱਚ ਆਇਆ ਹੈ ਕਿ ਡੇਢ ਸਾਲ ਦੇ ਮੁਕੰਮਲ ਇਲਾਜ ਦੇ ਕੋਰਸ ਲਈ ਕਈ ਮਰੀਜ਼ਾਂ ਨੂੰ ਰੋਜ਼ਾਨਾ ਇਲਾਜ ਲਈ ਓ.ਓ.ਏ.ਟੀ. ਕਲੀਨਿਕਾਂ ਵਿੱਚ ਆਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ। ਇਸ ਨਾਲ ਨਸ਼ਾ ਛੁਡਾੳੂ ਪ੍ਰੋਗਰਾਮਾਂ ਅਧੀਨ ਚਲਾਈਆਂ ਸਹੂਲਤਾਂ ਵੀ ਪ੍ਰਭਾਵਿਤ ਹੁੰਦੀਆਂ ਹਨ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਰੋਜ਼ਾਨਾ 500 ਤੋਂ 600 ਮਰੀਜ਼ ਓ.ਓ.ਏ.ਟੀ. ਕਲੀਨਿਕਾਂ ਵਿਖੇ ਇਲਾਜ ਲਈ ਆਉਂਦੇ ਹਨ ਅਤੇ ਟੇਕ ਹੋਮ ਡੋਜ਼ ਦੀ ਵਿਵਸਥਾ ਉਪਲੱਬਧ ਨਾ ਹੋਣ ਕਰਕੇ ਜ਼ਿਆਦਾਤਰ ਮਰੀਜ਼ ਇਲਾਜ ਲਈ ਇੱਥੇ ਆਉਣਾ ਛੱਡ ਦਿੰਦੇ ਹਨ। ਇਹਨਾਂ ਸਾਰੇ ਤੱਥਾਂ ਦੇ ਸਮੀਖਿਆ ਕਰਨ ਉਪਰੰਤ ਓ.ਓ.ਏ.ਟੀ. ਕਲੀਨਿਕਾਂ ਵਿਖੇ ਇਲਾਜ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਨਸ਼ਾ-ਛੁਡਾਊ ਪੋ੍ਰਗਰਾਮ ਅਧੀਨ ਬੁਪਰੀਨੌਰਫਿਨ-ਨਾਲੌਕਸੋਨ ਦੀ ਟੇਕ ਹੋਮ ਡੋਜ਼ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿੱਚ ਨਸ਼ਾ ਛੁਡਾਉਣ ਦੇ ਇਲਾਜ ਲਈ ਬੁਪਰੀਨੌਰਫਿਨ-ਨਾਲੌਕਸੋਨ ਦਵਾਈ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਵਾਨਿਤ ਵੀ ਕੀਤਾ ਗਿਆ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨਿਜੀ ਮਨੋਰੋਗ ਚਿਕਿਤਸਕ ਕਲੀਨਿਕਾਂ ਨੂੰ ਵੀ ਜਲਦ ਹੀ ਟੇਕ ਹੋਮ ਡੋਜ਼ ਸਰਵਿਸ ਮੁਹੱਈਆ ਕਰਵਾਉਣ ਦੀ ਆਗਿਆ ਦੇ ਦਿੱਤੀ ਜਾਵੇਗੀ। ਇਸ ਪ੍ਰਕਿਰਿਆ ਲਈ ਨਿਜੀ ਮਨੋਰੋਗ ਚਿਕਿਤਸਕ ਕਲੀਨਿਕਾਂ ਨੂੰ ਓ.ਓ.ਏ.ਟੀ. ਕਲੀਨਿਕਾਂ ਦੇ ਸੈਂਟਰਲ ਰਜਿਸਟਰੀ ਆਨਲਾਈਨ ਪੋਰਟਲ ’ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ। ਉਨਾਂ ਅੱਗੇ ਕਿਹਾ ਕਿ ਨਿਜੀ ਕੇਂਦਰਾਂ ਵਿੱਚ 1.5 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਨਵੀਂ ਪ੍ਰਣਾਲੀ ਮਰੀਜ਼ ਨੂੰ ਨਸ਼ਾ ਛੱਡਣ ਲਈ ਹੋਰ ਪੇ੍ਰਰਿਤ ਕਰੇਗੀ ਅਤੇ ਇਸ ਨਾਲ ਸਰਕਾਰੀ ਤੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਆਮਦ ਵੀ ਵਧੇਗੀ।  ਉਨਾਂ ਕਿਹਾ ਕਿ ਸੂਬਾ ਸਰਕਾਰ ਇਲਾਜ ਪ੍ਰਣਾਲੀ ’ਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਬੱਡੀ ਪੋ੍ਰਗਰਾਮ ਦੇ ਵਲੰਟੀਅਰ ਰੋਜ਼ਾਨਾ ਸਿੱਖਿਆ ਸੰਸਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਲੱਖਾਂ ਮਰੀਜ਼ ਆਪਣੀ ਮਰਜ਼ੀ ਨਾਲ ਇਲਾਜ ਕਰਵਾਉਣ ਲਈ ਓ.ਓ.ਏ.ਟੀ. ਕਲੀਨਿਕਾਂ ਵਿੱਚ ਆ ਰਹੇ ਹਨ। ਉਨਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਪੋ੍ਰਸੀਜ਼ਰ) ਪ੍ਰਾਈਵੇਟ ਮਨੋਰੋਗੀ ਮਾਹਿਰਾਂ ਅਤੇ ਨਿਜੀ ਨਸ਼ਾ-ਛੁਡਾਊ ਕੇਂਦਰਾਂ ਲਈ ਦਵਾਈ ਦੀ ਪਰਿਸਕਰਿਪਸ਼ਨ ਸਬੰਧੀ ਇੱਕੋ ਤਰਾਂ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਵੱਡੇ ਪੱਧਰ ’ਤੇ ਲੋਕ ਹਿੱਤ ਨੂੰ ਦੇਖਦੇ ਹੋਏ  ਟੇਕ ਹੋਮ ਡੋਜ਼ ਸਰਵਿਸ ਵਿੱਚ ਵਿਸਥਾਰ ਕੀਤਾ ਗਿਆ ਹੈ ਜਿਸ ਤਹਿਤ ਪ੍ਰਾਈਵੇਟ ਮਨੋਰੋਗੀ ਮਾਹਿਰਾਂ ਅਤੇ ਨਿਜੀ ਨਸ਼ਾ-ਛੁਡਾਊ ਕੇਂਦਰਾਂ ਦੀ ਪਰਿਸਕਰਿਪਸ਼ਨ ’ਤੇ ਜਲਦ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਓ.ਓ.ਏ.ਟੀ. ਕਲੀਨਿਕਾਂ ਦੀ ਫਾਰਮੈਸੀ ਤੋਂ ਬੁਪਰੀਨੌਰਫਿਨ-ਨਾਲੌਕਸੋਨ ਦੀਆਂ 10 ਗੋਲੀਆਂ ਦਾ ਪੱਤਾ 60 ਰੁਪਏ ਦੇ ਨਿਰਧਾਰਤ ਮੁੱਲ ਵਿੱਚ ਉਪਲੱਬਧ ਹੋਵੇਗਾ ਜੋ ਕਿ ਨਿਜੀ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀ ਦਵਾਈ ਤੋਂ ਲਗਭਗ 10 ਗੁਣਾ ਸਸਤਾ ਹੈ। ਇਸ  ਨਾਲ ਮਰੀਜ਼ਾਂ ’ਤੇ ਖ਼ਰਚ ਦਾ ਵਾਧੂ ਬੋਝ ਵੀ ਘਟੇਗਾ ਅਤੇ ਵੱਧ ਤੋਂ ਵੱਧ ਮਰੀਜ਼ ਇਲਾਜ ਕਰਵਾਉਣ ਲਈ ਪ੍ਰੇਰਿਤ ਹੋਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਨਸ਼ਾ ਛੁਡਾੳੂ ਕੇਂਦਰਾਂ ਤੋਂ ਇੱਕਠੀ ਕੀਤੀ ਰਕਮ ਸੂਬਾ ਮਾਨਸਿਕ ਸਿਹਤ ਅਥਾਰਟੀ ਕੋਲ ਜਮਾਂ ਕਰਵਾਈ ਜਾਵੇਗੀ। ਇਹ ਰਾਸ਼ੀ ਨਸ਼ਾ ਛੁਡਾਉਣ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤੀ ਦੇਣ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਇਸ ਦਵਾਈ ਦੀ ਖਰੀਦ ਤੇ ਸਪਲਾਈ ਨੂੰ ਯਕੀਨੀ ਬਣਾਵੇਗਾ।
ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰੀ ਮਨੋਰੋਗਾਂ ਦੇ ਮਾਹਿਰਾਂ ਵਲੋਂ ਦਿੱਤੀ ਪਰਿਸਕਰਿਪਸ਼ਨ ਦੀ ਟੇਕ ਹੋਮ ਡੋਜ ਮੁਫ਼ਤ ਹੋਵੇਗੀ ਅਤੇ ਨਿਜੀ ਮਨੋਰੋਗ ਮਾਹਿਰਾਂ ਵਲੋਂ ਦਿੱਤੀ ਪਰਿਸਕਰਿਪਸ਼ਨ ਦੀ ਡੋਜ ਵੀ ਸਰਕਾਰੀ ਕੀਮਤਾਂ ਦੇ ਅਨੁਸਾਰ ਹੋਵੇਗੀ। ਉਹਨਾਂ ਦੁਹਰਾਇਆ ਕਿ ਸਾਰੇ ਮਨੋਵਿਗਿਆਨਿਕ (ਭਾਵੇਂ ਉਹ ਸਰਕਾਰੀ ਜਾਂ ਨਿਜੀ ਹੋਣ) ਬੁਪਰੀਨੌਰਫਿਨ-ਨਾਲੌਕਸੋਨ ਦੀਆਂ ਦਵਾਈਆਂ ਦੀ ਪਰਿਸਕਰਿਪਸ਼ਨ ਲਈ  ਸੈਂਟਰਲ ਰਜਿਸਟਰੀ ਆਨਲਾਈਨ ਪੋਰਟਲ ’ਤੇ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਇਹ ਦਵਾਈ ਸਿਰਫ਼ ਆਨਲਾਈਨ ਪੋਰਟਲ ਜ਼ਰੀਏ ਹੀ ਉਪਲਬੱਧ ਹੋਵੇਗੀ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਰਜਿਸਟਰਡ ਮਰੀਜ਼ਾਂ ਅਤੇ ਦਵਾਈ ਦੀ ਉਪਲਬਧਤਾ ਦੀ ਨਿਗਰਾਨੀ ਸਰਕਾਰੀ ਸੈਂਟਰਲ ਰਜਿਸਟਰੀ ਪੋਰਟਲ ਦੁਆਰਾ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦਾ ਫੋਲੋ-ਅਪ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।