ਐਮ ਪੀ ਭਗਵੰਤ ਮਾਨ ਵੱਲੋਂ ਰੱਖੀ ਗਈ ਮੀਟਿੰਗ 'ਪੰਜਾਬ ਬੋਲਦਾ ਮੁਹਿੰਮ' ਨੇ ਧਾਰਿਆ ਰੈਲੀ ਦਾ ਰੂਪ

ਨਿਹਾਲ ਸਿੰਘ ਵਾਲਾ,18 ਸਤੰਬਰ (ਲਛਮਣਜੀਤ ਸਿੰਘ ਪੁਰਬਾ/ ਜਸ਼ਨ):  ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਵੱਲੋਂ ਰੱਖੀ ਗਈ ਪੰਜਾਬ ਬੋਲਦਾ ਮੁਹਿੰਮ ਦੇ ਤਹਿਤ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ।ਨਿਹਾਲ ਸਿੰਘ ਵਾਲਾ ਤੋਂ ਸੇੈਦੋੋਕੇ ਪਹੁੰਚੇ ਭਗਵੰਤ ਮਾਨ ਨੂੰ ਪਿੰਡ ਦੇ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਉੱਪਰ ਝੰਡੇ ਲੈ ਕੇ ਰੋਡ ਸ਼ੋਅ ਦੇ ਰਾਹੀਂ ਪਿੰਡ ਵਿੱਚ ਪ੍ਰਵੇਸ਼ ਕਰਵਾਇਆ ।ਭਗਵੰਤ ਮਾਨ ਦੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਫ਼ਰੀਦਕੋਟ ਤੋਂ ਸਾਬਕਾ ਐੱਮ ਪੀ ਪ੍ਰੋਫੈਸਰ ਸਾਧੂ ਸਿੰਘ ਵੀ ਮੌਜੂਦ ਸਨ ।ਇਸ ਮੌਕੇ ਸਟੇਜ ’ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਵੀ ਹਾਜ਼ਰ ਰਹੇ । ਲੋਕਾਂ ਵਿੱਚ ਭਗਵੰਤ ਮਾਨ ਨੂੰ ਸੁਣਨ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਸੀ । ਸਟੇਜ ਦੇ ਉੱਪਰੋਂ ਭਗਵੰਤ ਮਾਨ ਤੋਂ ਪਹਿਲਾਂ ਮਨਜੀਤ ਸਿੰਘ ਬਿਲਾਸਪੁਰ ਅਤੇ ਪ੍ਰੋਫੈਸਰ ਸਾਧੂ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ Í ਦੇਰ ਸ਼ਾਮ ਹੋਣ ਦੇ ਬਾਵਜੂਦ ਵੀ ਆਪਣੇ ਹਰਮਨ ਪਿਆਰੇ ਨੇਤਾ ਨੂੰ ਸੁਣਨ ਲਈ ਜੁੜ ਬੈਠੀ ਲੋਕਾਂ ਦੀ ਭੀੜ ਨੇ ਭਗਵੰਤ ਮਾਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਅਤੇ ਭਗਵੰਤ ਮਾਨ ਨੇ ਵੀ ਆਪਣੇ ਚਹੇਤਿਆਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਉਨ੍ਹਾਂ ਨੇ ਆਪਣੇ ਅੰਦਾਜ਼ ਦੇ ਵਿੱਚ ਸਰਕਾਰ ਨੂੰ ਚੰਗੇ ਰਗੜੇ ਲਾਏ ਅਤੇ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਾ ਖਿਲਾਫੀਆਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਕਰਜ਼ਾ ,ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਡੁੱਬਦੀ ਜਾ ਰਹੀ ਹੈ ਜਦਕਿ ਕੈਪਟਨ ਅਤੇ ਬਾਦਲ ਆਪਣੀਆਂ ਤੀਸਰੀਆਂ ਪੀੜ੍ਹੀਆਂ ਨੂੰ ਰਾਜਨੀਤੀ ਵਿੱਚ ਉਤਾਰਨ ਦੀਆਂ ਤਿਆਰੀਆਂ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਢਾਈ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ  ਪੰਜਾਬੀ ਬੋਲੀ ਨਾਲ ਜੇ  ਧੱਕਾ ਕੀਤਾ ਗਿਆ ਤਾਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਮੌਜੂਦਾ ਭਖਦੇ ਮਸਲਿਆਂ ਉੱਪਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਖੂਬ ਲਾਹਨਤਾਂ ਪਾਈਆਂ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣਾਂ ਲੜੇਗੀ ।