5 ਅਕਤੂਬਰ ਨੂੰ ਮਨਾਈ ਜਾਵੇਗੀ ਮੋਗਾ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਦੀ 47ਵੀਂ ਬਰਸੀ

Tags: 
ਮੋਗਾ ,17 ਸਤੰਬਰ (ਜਸ਼ਨ):  ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਆਉਣ ਵਾਲੀ 5 ਅਕਤੂਬਰ ਨੂੰ ਕਸ਼ਮੀਰੀ ਲੋਕਾਂ ਦੁਆਰਾ ਸਵੈਨਿਰਣੇ ਦੇ ਹੱਕ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸਮਰਪਿਤ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਮਨਾਈ ਜਾ ਰਹੀ  47ਵੀ ਬਰਸੀ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ । ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ 1972 ਸਮੇਂ ਪੁਲਿਸੀ ਜਬਰ ਦਾ ਸ਼ਿਕਾਰ ਹੋਏ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਦੀ 47ਵੀਂ ਬਰਸੀ ਮਨਾਈ ਜਾ ਰਹੀ ਹੈ । ਇਹ ਬਰਸੀ ਕਸ਼ਮੀਰੀ ਲੋਕਾਂ ਦੁਆਰਾ ਲੜੇ ਜਾ ਰਹੇ ਕੌਮੀ ਮੁਕਤੀ ਘੋਲ ਨੂੰ ਸਮਰਪਿਤ ਹੋਵੇਗੀ। ਕਿਉਂਕਿ ਅੱਜ ਕਸ਼ਮੀਰੀ ਲੋਕਾਂ ਤੇ ਜੋ ਸਰਕਾਰੀ ਜਬਰ ਹੋ ਰਿਹਾ ਹੈ , ਉਸ ਸਮੇਂ ਵੀ ਪੰਜਾਬ ਦੇ ਵਿਦਿਆਰਥੀ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਸਨ । ਜਬਰ ਦਾ ਟਾਕਰਾ ਕਰਦਿਆਂ ਵਿਦਿਆਰਥੀਆਂ ਨੇ ਪੁਲਿਸ ਦੀ ਗੋਲੀ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।ਪਰ ਉਸਤੋਂ ਬਾਅਦ ਹਾਕਮਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸਦਾ ਗਵਾਹ ਮੋਗੇ ਦਾ ਬੰਦ ਪਿਆ ਰੀਗਲ ਸਿਨੇਮਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ   ਰੀਗਲ ਸਿਨੇਮਾ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਤੇ ਉਸ ਘੋਲ ਦੇ ਆਗੂ ਰਹੇ ਪੀ.ਅੈਸ.ਯੂ. ਦੇ ਸਾਬਕਾ ਆਗੂ ਨਿਰਭੈ ਸਿੰਘ ਢੁੱਡੀਕੇ ਜੀ ਹੋਣਗੇ। ਮੀਟਿੰਗ ਵਿੱਚ ਪੀ.ਅੈਸ.ਯੂ. ਦੇ ਜਿਲ੍ਹਾ ਖਜ਼ਾਨਚੀ ਜਗਵੀਰ ਕੌਰ ਮੋਗਾ, ਜਿਲ੍ਹਾ ਕਮੇਟੀ ਮੈਂਬਰ ਕਮਲਦੀਪ ਕੌਰ ,ਜਸਪ੍ਰੀਤ ਸਿੰਘ ਰਾਜੇਆਣਾ , ਮੈਂਬਰ ਕਿਰਨਦੀਪ ਮੱਦੋਕੇ , ਸੌਰਵ ਗੁਪਤਾ ਤੇ ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ, ਇਲਾਕਾ ਕਮੇਟੀ ਮੈਂਬਰ ਅਰਸ਼ਦੀਪ ਕੌਰ ਬਿਲਾਸਪੁਰ ਹਾਜ਼ਰ ਸਨ।