ਪੰਜਾਬ ਸਟੂਡੈਂਟਸ ਯੂਨੀਅਨ ਇਤਿਹਾਸਕ ਯਾਦਗਾਰਾਂ ਸੰਭਾਲਣ ਅਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ 12 ਸਤੰਬਰ ਨੂੰ ਕਰੇਗੀ ਵਿੱਦਿਅਕ ਸੰਸਥਾਵਾਂ ਵਿੱਚ ਮੁਕੰਮਲ ਹੜਤਾਲ

ਮੋਗਾ,11 ਸਤੰਬਰ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ‘ਚ ਵੱਖ ਵੱਖ ਥਾਈਂ 12 ਸਤੰਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਸਬੰਧੀ ਪੋਸਟਰ ਲਗਾਏ ਗਏ। ਇਸ ਉਪਰੰਤ ਵਿਦਿਆਰਥੀ ਆਗੂਆਂ ਨੇ ਹੱਥ ਪਰਚੇ ਵੰਡੇ ਅਤੇ ਵਿਦਿਆਰਥੀਆਂ ਨੂੰ 12 ਸਤੰਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ‘ਚ ਸ਼ਾਮਲ ਹੋਣ ਦਾ ਸੱਦਾ ਲਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਜਿਲ੍ਹਾ ਖਜਾਨਾਚੀ ਜਗਵੀਰ ਕੌਰ ਮੋਗਾ ਤੇ ਜਿਲ੍ਹਾ ਆਗੂ ਕਮਲਦੀਪ ਕੌਰ ਨੇ  ਦੱਸਿਆ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਨੂੰ ਸੁਚੱਜੇ ਰੂਪ ਵਿੱਚ ਲਾਗੂ ਕਰਾਉਣ ਢਾਈ ਲੱਖ ਤੋਂ ਘੱਟ ਆਮਦਨ ਵਲੇ ਐਸ.ਸੀ, ਇੱਕ ਲੱਖ ਤੋਂ ਘੱਟ ਆਮਦਨ ਵਾਲੇ ਬੀ ਸੀ ਅਤੇ ਈ ਬੀ ਸੀ(ਆਮਦਨ ਪੱਖੋਂ ਪੱਛੜੇ ਜਨਰਲ ਵਿਦਿਆਰਥੀ) ਵਿਦਿਆਰਥੀਆਂ ਦੀ ਪੂਰੀ ਫੀਸ ਮਾਫ ਕਰਾਉਣ, ਹਰ ਵਰਗ ਦੀਆਂ ਲੜਕੀਆਂ ਦੀ ਪੀਐਚਡੀ ਤੱਕ ਵਿੱਦਿਆ ਮੁਫਤ ਕਰਾਉਣ ਅਤੇ ਇਤਿਹਾਸਕ ਯਾਦਗਾਰਾਂ ਨੂੰ ਬਚਾਉਣ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਥੀ ਨਿਹੰਗ ਖਾਂ ਦਾ ਰੋਪੜ ਵਿੱਚਲਾ ਕਿਲਾ, ਜਲ੍ਹਿਆਂਵਾਲਾ ਬਾਗ ਅਤੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਫਿਰੋਜ਼ਪੁਰ ਤੂੜੀ ਬਾਜ਼ਾਰ ਵਿਚਲਾ ਗੁਪਤ ਟਿਕਾਣਾ ਸੰਭਾਲਣ ਦੀ ਲੜ੍ਹਾਈ ਤਹਿਤ 12 ਸਤੰਬਰ ਨੂੰ ਸੂਬੇ ਭਰ ਦੇ ਸਕੂਲਾਂ ,ਕਾਲਜਾਂ ਵਿੱਚ ਹੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁਫਤ ਸਿੱਖਿਆ ਦੇ ਅਧਿਕਾਰ ਦੇ ਨਾਲ ਨਾਲ ਸਾਡੇ ਇਤਿਹਾਸ ਨੂੰ ਸਾਂਭਣਾ ਨੌਜਵਾਨਾਂ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਤਿਹਾਸ ਹੀ ਨਾਇਕਾਂ ਨੂੰ ਜਨਮ ਦਿੰਦਾ ਹੈ । ਉਹਨਾਂ ਕਿਹਾ ਕਿ ਅੱਜ ਜਦੋਂ ਨਸ਼ਾ, ਬੇਰੁਜ਼ਗਾਰੀ, ਗੈਂਗਵਾਦ, ਭੁੱਖਮਰੀ, ਗਰੀਬੀ, ਅਨਪੜ੍ਹਤਾ ਨੇ ਦੇਸ਼ ਨੂੰ ਬਹੁਤ ਨਿਵਾਣ ਵੱਲ ਧੱਕ ਦਿੱਤਾ ਹੈ ਤਾਂ ਸਾਡਾ ਜੁਲਮ ਖਿਲਾਫ ਜੂਝਦੇ ਰਹਿਣ ਦਾ ਇਤਿਹਾਸ ਸਾਨੂੰ ਅੱਜ ਇੱਕ ਬਰਾਬਰੀ ਵਾਲਾ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ ਕਰਨ ਦੀ ਪ੍ਰੇਰਨਾ ਦਿੰਦਾ ਹੈ ਤਾਂ ਕਿ ਇਨ੍ਹਾਂ ਮਾੜੀਆਂ ਅਲਾਮਤਾਂ ਤੋਂ ਸਮਾਜ ਦਾ ਖਹਿੜਾ ਛੁਡਾਇਆ ਜਾ ਸਕੇ ਤੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ।