ਮੰਤਰੀਆਂ ਅਤੇ ਵਿਧਾਇਕਾਂ ਦੀ ਜਾਇਦਾਦ ਲਗਾਤਾਰ ਚੈੱਕ ਕੀਤੀ ਜਾਵੇ:ਪੰਜਾਬ ਪੈਨਸ਼ਨਰਜ਼ ਯੂਨੀਅਨ

ਮੋਗਾ,10 ਸਤੰਬਰ (ਜਸ਼ਨ): ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾ. ਸਤੀਸ਼ ਲੂੰਬਾ ਹਾਲ ਵਿੱਚ ਹੋਈ। ਮੀਟਿੰਗ ਸ਼ੂਰੂ ਕਰਨ ਤੋਂ ਪਹਿਲਾਂ ਸਾਥੀ ਸੁਰਿੰਦਰ ਕੁਮਾਰ ਹੀਰੋ ਦੀ ਸੁਪਤਨੀ ਸ਼੍ਰੀਮਤੀ ਸੁਭਾਸ਼ ਕੁਮਾਰੀ ਅਤੇ ਸਾਥੀ ਬਲਵਿੰਦਰ ਸਿੰਘ ਘੋਲੀਆ ਦੇ ਰਿਸ਼ਤੇ ਦਾਰ ਦੇ ਸਦਾ ਲਈ ਵਿੱਛੜ ਜਾਣ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਉਪਰੰਤ ਯੂਨੀਅਨ ਦੇ ਮਸਲਿਆਂ ਬਾਰੇ ਚਰਚਾ ਕਰਦੇ ਹੋਏ ਸਾਥੀਆਂ ਨੇ ਪੰਜਾਬ ਸਰਕਾਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਗੱਫ਼ੇ ਦੇਣ ਦੇ ਨਾਲ ਨਾਲ ਉੱਚ ਅਹੁਦੇ ਦੇ ਕੇ ਨਿਵਾਜ ਰਹੀ ਹੈ ਅਤੇ ਖਜ਼ਾਨੇ ਨੂੰ ਚੂਨਾ ਲਾ ਰਹੀ ਹੈ। ਮੁਲਾਜ਼ਮਾਂ ਅਤੇ ਲੋਕਾਂ ਦੇ ਸੰਘਰਸ਼ ਨੂੰ ਵਾਰ ਵਾਰ ਗੱਲ ਬਾਤ ਦਾ ਸਮਾਂ ਦੇ ਕੇ ਟਾਲ ਰਹੀ ਹੈ ਜਦਕਿ ਇਸ ਦਾ ਮੁਲਾਜ਼ਮਾਂ ਪੈਨਸ਼ਨਰਾਂ ਦੇ ਬਣਦੇ ਹੱਕ ਦੇਣ ਦਾ ਕੋਈ ਇਰਾਦਾ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰਾਂ ਦੇ ਦੌਰੇ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ ਜਦਕਿ ਉਥੇ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਲੋਕ ਬੁਰੇ ਹਾਲਤਾਂ ਵਿੱਚ ਘਿਰੇ ਹੋਏ ਹਨ। ਅਫ਼ਸਰਸ਼ਾਹੀ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੌਜਾਂ ਲੁੱਟ ਰਹੀ ਹੈ। ਇਸ ਮੌਕੇ ਬੂਟਾ ਸਿੰਘ ਭੱਟੀ ਨੇ ਬੋਲਦਿਆਂ ਕਿਹਾ ਕਿ ਨੈਸ਼ਨਲ ਪੱਧਰ ਤੇ ਵੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੀ ਪੱਖ ਪੂਰ ਰਹੀ ਹੈ। ਉਨ੍ਹਾਂ ਚਿੰਤਾ ਵਿਅਕਤ ਕੀਤੀ ਕਿ ਆਉਣ ਵਾਲੇ ਸਮੇਂ ਬੇਰੋਜ਼ਗਾਰੀ ਸਭ ਹੱਦਾਂ ਬੰਨੇ ਟੱਪ ਜਾਵੇਗੀ। ਸਰਕਾਰ ਆਮ ਲੋਕਾਂ ਤੋਂ ਸਿਹਤ ਅਤੇ ਸਿੱਖਿਆ ਦਾ ਅਧਿਕਾਰ ਖੋਹਣ ਜਾ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਬਲਜੀਤ ਸਿੰਘ ਜਲਾਲਾਬਾਦ ਆਦਿ ਨੇ ਕਿਹਾ ਕਿ ਸਾਨੂੰ ਆਪਣੇ ਮਸਲਿਆਂ ਦੇ ਨਾਲ ਨਾਲ ਲੋਕਾਂ ਵਿੱਚ ਜਾ ਕੇ ਸਰਕਾਰ ਵਿੱਚ ਬੈਠੇ ਲੋਟੂਆਂ, ਬਦਮਾਸ਼ਾਂ ਦੀ ਗੱਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਹਰ ਇੱਕ ਨਾਗਰਿਕ ਦਾ ਹੱਕ ਹੈ। ਭਾਵੇਂ ਕਿਸਾਨ ਹੋਵੇ ਭਾਵੇਂ ਮਜ਼ਦੂਰ ਹਰ ਇੱਕ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਘੱਟੋ ਘੱਟ ਅਸਿੱਖਿਅਤ ਕਾਮੇ ਜਿੰਨੀ ਪੈਨਸ਼ਨ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਅਤੇ ਛੋਟੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਪਾੜਾ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੀ ਲਾਗੂ ਹੋਣਾ ਚਾਹੀਦਾ ਹੈ ਭਾਵੇਂ ਕੋਈ ਅਫ਼ਸਰ ਹੋਵੇ ਜਾਂ ਸਧਾਰਨ ਨਾਗਰਿਕ। ਵਿਧਾਇਕਾਂ, ਅਫ਼ਸਰਾਂ, ਮੰਤਰੀਆਂ ਦੀ ਜਾਇਦਾਦ ਲਗਾਤਾਰ ਚੈੱਕ ਹੋਣੀ ਚਾਹੀਦੀ ਹੈ। ਇਸ ਮੌਕੇ ਪ੍ਰੇਮ ਕੁਮਾਰ, ਸੱਤਪਾਲ ਸਹਿਗਲ, ਬਿਸੰਬਰ ਦਾਸ, ਕੋਮਲ ਸਿੰਘ ਮੋਗਾ, ਮੱਘਰ ਸਿੰਘ, ਬਲਵਿੰਦਰ ਸਿੰਘ, ਲਛਮਣ ਸਿੰਘ ਰਾਊਕੇ, ਬਲਦੇਵ ਸਿੰਘ ਮੰਡੀਰਾਂ, ਆਦਿ ਵੀ ਹਾਜ਼ਰ ਸਨ।