ਵਿਦੇਸ਼ਾਂ ਵਿੱਚ ਹੋ ਰਹੇ ਸਿੱਖ ਨਸਲੀ ਹਮਲਿਆਂ ਤੋਂ ਚਿੰਤਤ ਹੋਏ ਬੈਂਸ ਨੇ ਵਿਦੇਸ਼ ਮੰਤਰਾਲੇ ਤੇ ਪੀਐਮ ਨੂੰ ਲਿਖੀ ਚਿੱਠੀ

ਲੁਧਿਆਣਾ, 29 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ):ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਮਰੀਕਾ ਸਮੇਤ ਹੋਰਨਾਂ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਤੇ ਹੋਣ ਵਾਲੇ ਨਸਲੀ ਹਮਲਿਆਂ ਦੀ ਨਿਖੇਧੀ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਤੁਰੰਤ ਅਮਰੀਕਾ ਸਰਕਾਰ ਜਾਂ ਉਥੋਂ ਦੇ ਰਾਸ਼ਟਰਪਤੀ ਨਾਲ ਤੁਰੰਤ ਅਜਿਹੇ ਮਾਮਲਿਆਂ ਸਬੰਧੀ ਗੱਲਬਾਤ ਕਰੇ ਅਤੇ ਪ੍ਰੀਤਮ ਸਿੰਘ ਦੇ ਦੋਸ਼ੀਆਂ ਨੂੰ ਫੜਨ ਲਈ ਦਬਾਅ ਪਾਵੇ ਅਤੇ ਇਹ ਵੀ ਨਿਸ਼ਚਿਤ ਕੀਤਾ ਜਾਵੇ ਕਿ ਅੱਗੋਂ ਤੋਂ ਸਿੱਖਾਂ ਤੇ ਅਜਿਹੇ ਸਿੱਖ ਨਸਲੀ ਹਮਲੇ ਨਾ ਹੋ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਅਮਰੀਕਾ ਵਿੱਚ ਇਕ 64 ਸਾਲਾ ਬਜੁਰਗ ਜੋ ਪੰਜਾਬ ਤੋਂ ਹੀ ਆਪਣੀ ਬੇਟੀ ਅਤੇ ਜਵਾਈ ਕੋਲ ਗਿਆ ਹੋਇਆ ਸੀ, ਉਸ ਨੂੰ ਸ਼ਾਮ ਵੇਲੇ ਸੈਰ ਕਰਦੇ ਹੋਏ ਕਿਸੇ ਹਮਲਾਵਰ ਨੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਵਿਧਾਇਕ ਬੈਂਸ ਨੇ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਵਿੱਚ ਲਿਖਿਆ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਪਹਿਲਾਂ ਵੀ ਅਮਰੀਕਾ ਦੇ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਤੋਂ ਇਲਾਵਾ ਹੋਰਨਾਂ ਬਾਹਰਲੇ ਮੁਲਕਾਂ ਵਿੱਚ ਵੀ ਸਿੱਖਾਂ ਤੇ ਅਜਿਹੇ ਨਸਲੀ ਹਮਲੇ ਹੁੰਦੇ ਰਹਿੰਦੇ ਹਨ, ਪਰ ਉੱਥੋਂ ਦੀ ਸਰਕਾਰ ਸਿੱਖਾਂ ਦੇ ਜਾਨ ਮਾਨ ਦੀ ਰਾਖੀ ਕਰਨ ਵਿੱਚ ਨਾਕਾਮਯਾਬ ਰਹੀ ਹੈ। ਉਨਾਂ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਅਮਰੀਕਾ ਦੇ ਰਾਸ਼ਟਰਪਤੀ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਰੇ ਗਏ ਪ੍ਰੀਤਮ ਸਿੰਘ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਕਰਨ ਅਤੇ ਦਬਾਅ ਬਣਾਉਣ ਕਿ ਅਜਿਹੇ ਨਸਲੀ ਹਮਲੇ ਭਵਿੱਖ ਵਿੱਚ ਨਾ ਹੋਣ, ਕਿਉਂਕਿ ਪੰਜਾਬ ਸਮੇਤ ਜਿੱਥੇ ਜਿੱਥੇ ਵੀ ਸਿੱਖ ਕੌਮ ਵਸਦੀ ਹੈ, ਹਰ ਪਾਸੇ ਇਸ ਮਾਮਲੇ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਸਿੱਖਾਂ ਅਤੇ ਦੇਸ਼ ਵਾਸੀਆਂ ਦੀ ਰਾਖੀ ਕਰਨਾ ਜਿੱਥੇ ਸੰਬਧਿਤ ਦੇਸ਼ਾਂ ਦਾ ਕੰਮ ਹੈ, ਉੱਥੇ ਭਾਰਤ ਸਰਕਾਰ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈ।