ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਲੁਧਿਆਣਾ ਅਤੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁੜ ਦੌਰਾ

ਚੰਡੀਗੜ, 24 ਅਗਸਤ  ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਹਤ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਅਤੇ ਜਲੰਧਰ ਜ਼ਿਲਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਅੱਜ ਮੁੜ  ਦੌਰਾ ਕੀਤਾ। ਕਾਬਲੇਗੌਰ ਹੈ ਕਿ ਇਸ ਹਫ਼ਤੇ ਸ੍ਰੀ ਸਰਕਾਰੀਆ ਦਾ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਇਹ ਚੌਥਾ ਦੌਰਾ ਹੈ। ਪਾੜ ਪੂਰੇ ਜਾਣ ਦੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਭੋਲੇਵਾਲ ਨੇੜੇ 175 ਚੌੜੇ ਪਾੜ ਨੂੰ ਪੂਰਨ ਦਾ ਕੰਮ ਅੱਜ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ ਜਦੋਂਕਿ ਜਲੰਧਰ ਜ਼ਿਲੇ ਦੇ ਪਿੰਡ ਮਿਓਵਾਲ ਵਿੱਚ 380 ਫੁੱਟ ਚੌੜੇ ਪਾੜ ਨੂੰ ਸ਼ਨਿਚਰਵਾਰ ਦੀ ਰਾਤ ਤੱਕ ਭਰ ਲਿਆ ਜਾਵੇਗਾ।ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਫਿਲੌਰ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਮਾਓ ਸਾਹਿਬ ਵਿਖੇ 165 ਫੁੱਟ ਚੌੜੇ ਪਾੜ ਨੂੰ ਸ਼ੁੱਕਰਵਾਰ ਹੀ ਪੂਰ ਦਿੱਤਾ ਸੀ। ਉਨਾਂ ਦੱਸਿਆ ਕਿ ਪੰਜ ਛੋਟੇ ਹੋਰ ਪਾੜ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਅਗਲੇ ਤਿੰਨ ਦਿਨਾਂ ‘ਚ ਮੁਕੰਮਲ ਹੋਣ ਦੀ ਉਮੀਦ ਹੈ।ਇਲਾਕੇ ਵਿੱਚ ਚੱਲ ਰਹੇ ਰਾਹਤ ਕਾਰਜਾਂ ‘ਤੇ ਤਸੱਲੀ ਜ਼ਾਹਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਹੜ੍ਹ ਰੋਕੂ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ।ਇਸ ਬਾਅਦ ਸ਼ਾਮ ਨੂੰ ਸ੍ਰੀ ਸਰਕਾਰੀਆ ਨੇ ਸ਼ਾਹਕੋਟ ਸਬ ਡਿਵੀਜ਼ਨ ਦੇ ਪਿੰਡ ਜਾਨੀਆਂ ਚਾਹਲ ਵਿਖੇ ਪਾੜ ਪੂਰਨ ਦੇ ਚੱਲ ਰਹੇ ਕੰਮ ਦਾ ਲੈਣ ਜਾਇਜ਼ਾ ਲਿਆ ਅਤੇ ਇਸ ਮੌਕੇ ਵਿਧਾਇਕ ਸ੍ਰੀ ਹਰਦੇਵ ਸਿੰਘ ਲਾਡੀ ਵੀ ਹਾਜ਼ਰ ਸਨ।ਸ੍ਰੀ ਸਰਕਾਰੀਆ ਨੇ ਦੱਸਿਆ ਕਿ ਪਾੜ ਪੂਰਨ ਅਤੇ ਰਾਹਤ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਦੌਰੇ ਦੌਰਾਨ ਜਲ ਸਰੋਤ ਮੰਤਰੀ ਨਾਲ ਮੁੱਖ ਇੰਜਨੀਅਰ ਡਰੇਨੇਜ ਸ੍ਰੀ ਐਸ.ਕੇ. ਗੁਪਤਾ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।