ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਐਫ.ਡੀ.ਏ ਹੋਇਆ ਚੁਕੰਨਾ, ਸੀ.ਐਫ.ਡੀ.ਏ. ਨੇ ਮਿਲਾਵਟਖੋਰੀ ਦੀ ਜਾਣਕਾਰੀ ਦੇਣ ਲਈ ਸਥਾਨਕ ਲੋਕਾਂ ਨੂੰ ਹੈਲਪਲਾਈਨ ਨੰਬਰ 0172-5027285, 2217020 ’ਤੇ ਸੰਪਰਕ ਕਰਨ ਲਈ ਕਿਹਾ

ਚੰਡੀਗੜ, 22 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮਾਨਸੂਨ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਭੋਜਨ ਪਦਾਰਥਾਂ ਦੀ ਜਾਂਚ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ ਜਿਸਦੇ ਸਿੱਟੇ ਵਜੋਂ ਪਿਛਲੇ 45 ਦਿਨਾਂ ਵਿੱਚ 8000 ਸੈਂਪਲ ਲਏ ਗਏ ਤਾਂ ਜੋ ਸੂਬੇ ਦੇ ਲੋਕਾਂ ਨੂੰ ਵਧੀਆ ਦਰਜੇ ਦਾ ਦੁੱਧ ਤੇ ਦੁੱਧ ਉਤਪਾਦ ਉਪਲਬਧ ਕਰਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ (ਸੀ.ਐਫ.ਡੀ.ਏ) ਸ੍ਰੀ  ਕਾਹਨ ਸਿੰਘ ਪੰਨੂ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਐਫ.ਡੀ.ਏ. ਨੇ ਦੱਸਿਆ ਕਿ ਰਾਜ ਡੇਅਰੀ ਵਿਕਾਸ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਫੂਡ ਸੇਫਟੀ ਕਮਿਸ਼ਨਰੇਟ ਵੱਲੋਂ ਦੁੱਧ ਅਤੇ ਦੁੱਧ ਉਤਪਾਦਾਂ ਦੀ  ਗੁਣਵੱਤਾ ਦੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 1 ਜੁਲਾਈ ਤੋਂ 15 ਅਗਸਤ, 2019 ਦੌਰਾਨ ਫੂਡ ਸੇਫਟੀ ਦੀਆਂ ਟੀਮਾਂ ਨੇ 1202 ਨਮੂਨੇ ਲਏ ਜਦਕਿ 2 ਫੂਡ ਸੇਫਟੀ ਵੈਨਾਂ ਨੇ ਦੁੱਧ ਅਤੇ ਦੁੱਧ ਉਤਪਾਦਾਂ ਦੇ ਕੁੱਲ 1211 ਸੈਂਪਲ ਲਏ ਜਿਨਾਂ ਵਿੱਚ ਜਲੰਧਰ, ਕਪੂਰਥਲਾ, ਲੁਧਿਆਣਾ ਤੇ ਬਠਿੰੰਡਾ ਵਰਗੇ ਹਰੇਕ ਸ਼ਹਿਰ ਵਿੱਚੋਂ 100 ਤੋਂ ਵੱਧ ਸੈਂਪਲ ਭਰੇ ਗਏ, ਜਿੱਥੇ ਕਿ ਪਿਛਲੀ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਮਿਲਾਵਟਖੋਰੀ ਪਾਈ ਗਈ ਸੀ। ਇਸਦੇ ਨਾਲ ਹੀ ਡੇਅਰੀ ਵਿਕਾਸ ਵਿਭਾਗ ਦੀਆਂ ਮਿਲਕ ਟੈਸਟਿੰਗ ਵੈਨਾਂ  ਅਤੇ ਲੈਬਾਂ ਵੱਲੋਂ ਕ੍ਰਮਵਾਰ 5015 ਅਤੇ 552 ਸੈਂਪਲ ਲਏ ਗਏ ਜਿਸ ਨਾਲ ਭਰੇ ਗਏ ਸੈਂਪਲਾਂ ਦੀ ਕੁੱਲ ਗਿਣਤੀ 7980 ਤੱਕ ਜਾ ਪੁੱਜੀ। ਪੰਨੂ ਨੇ ਕਿਹਾ ਕਿ ਇਹ ਤਸੱਲੀਬਖ਼ਸ ਗੱਲ ਹੈ ਕਿ ਹੁਣ ਤੱਕ ਜਾਂਚੇ ਗਏ ਸੈਂਪਲਾਂ ਵਿੱਚੋਂ ਅਜਿਹੇ ਸੈਂਪਲ ਬੜੇ ਘੱਟ ਹਨ ਜੋ ਫੂਡ ਸੇਫਟੀ ਤੇ ਸਟੈਂਡਰਡ ਐਕਟ 2016 ਅਤੇ ਰੂਲਜ਼ 2011 ਮੁਤਾਬਕ ਖ਼ਰੇ ਨਹੀਂ ਉੱਤਰਦੇ । ਉਨਾਂ ਦੱਸਿਆ ਕਿ ਐਫ.ਐਸ.ਐਸ.ਆਈ. ਵੱਲੋਂ ਵਿਮਤਾ ਲੈਬ, ਹੈਦਰਾਬਾਦ ਰਾਹੀਂ ਕਰਵਾਏ ਗਏ ਸਰਵੇਖਣ ਅਨੁਸਾਰ ਦੁੱਧ ਦੀ ਗੁਣਵੱਤਾ ਤੇ ਸੁਰੱਖਿਆ ਕਾਫੀ ਹੱਦ ਤੱਕ ਸਹੀ ਪਾਈ ਗਈ ਹੈ ਕਿਉਂ ਕਿ ਜ਼ਿਆਦਾ ਤਰ ਸੈਂਪਲ ਘੱਟ ਫੈਟ ਕਰਕੇ ਫੇਲ ਹੋਏ ਹਨ ਪਰ ਉੰਜ ਪੀਣਯੋਗ ਹਨ। ਫੂਡ ਸੇਫਟੀ ਮੁਹਿੰਮ ਵਿੱਚ ਡੇਅਰੀ ਵਿਕਾਸ ਵਿਭਾਗ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਡੇ ਸ਼ਹਿਰਾਂ ਵਿੱਚ ਦੁੱਧ ਦੀ ਜਾਂਚ ਲਈ 8 ਵੈਨਾਂ ਲਗਾਈਆਂ ਗਈਆਂ ਹਨ। ਇਨਾਂ ਵੈਨਾਂ ਵਿੱਚ ਅਡਲਟ੍ਰੇਸ਼ਨ ਚੈੱਕ ਕਿੱਟ ਰਾਹੀਂ ਦੁੱਧ ਦੀ ਗੁਣਵੱਤਾ, ਫੈਟ, ਪ੍ਰੋਟੀਨ, ਲੈਕਟੋਜ਼ ਆਦਿ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾਂਦੀ ਹੈ। ਡੇਅਰੀ ਦਫ਼ਤਰ ਵੀ ਸਵੇਰੇ 9 ਤੋਂ 11 ਵਜੇ ਤੱਕ ਦੁੱਧ ਦੇ ਸੈਂਪਲ ਲੈਂਦੇ ਹਨ। ਦੁੱਧ ਦੀ ਇਹ ਜਾਂਚ ਬਿਲਕੁਲ ਮੁਫਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਲਾਵਟੀ ਦੁੱਧ ਤੇ ਦੁੱਧ ਉਤਪਾਦਾਂ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਮੱਦੇਨਜ਼ਰ ਲੋਕਾਂ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਜੁਲਾਈ ਤੋਂ ਅਗਸਤ 2019 ਤੱਕ ਅਜਿਹੇ 280 ਜਾਗਰੂਕਤਾ ਕੈਂਪ ਲਗਾਏ ਗਏ। ਵਿਭਾਗ ਵੱਲੋਂ ਕੀਤੇ ਜਾ ਰਹੇ ਇਨਾਂ ਉਪਰਾਲਿਆਂ ਦਾ ਪੂਰਾ ਲਾਹਾ ਲੈਣ ਲਈ ਸਥਾਨਕ ਲੋਕਾਂ/ਕਮੇਟੀਆਂ/ਰੈਜ਼ੀਡੈਂਸ਼ੀਅਲ ਭਲਾਈ ਐਸੋਸੀਏਸ਼ਨਾਂ ਨੂੰ ਹੈਲਪਲਾਈਨ ਨੰਬਰ 0172-5027285, 2217020 ’ਤੇ ਸੰਪਰਕ ਕਰਨ ਲਈ ਕਿਹਾ ਹੈ ਅਤੇ ਆਪਣੇ ਖੇਤਰ ਵਿੱਚ ਕੀਤੀ ਜਾਂਦੀ ਦੁੱਧ ਦੀ ਮਿਲਾਵਟਖੋਰੀ ਦੀ ਜਾਣਕਾਰੀ ਦੇਣ ਲਈ ਅਪੀਲ ਕੀਤੀ ਹੈ।