ਆਜ਼ਾਦੀ ਦਿਹਾੜੇ ’ਤੇ ਐਸੋਸੀਏਸਨ ਆਫ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀਜ਼ ਦੇ ਕੋਆਰਡੀਨੇਟਰ ਦੇਵ ਪਿ੍ਆ ਤਿਆਗੀ ਦੀ ਅਗਵਾਈ ‘ਚ ਹੋਏ ਰੋਡ ਸ਼ੋਅ ਉਪਰੰਤ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਹੋਏ ਨਤਮਸਤਕ

ਮੋਗਾ,15 ਅਗਸਤ (ਜਸ਼ਨ): ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਐਸੋਸੀਏਸਨ ਆਫ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀਜ਼ ਵੱਲੋਂ ਐਸੋਸੀਏਸਨ ਦੇ ਕੋਆਰਡੀਨੇਟਰ  ਦੇਵ ਪਿ੍ਆ ਤਿਆਗੀ ਦੀ ਅਗਵਾਈ ਵਿਚ ਮੋਗਾ ਸ਼ਹਿਰ ਵਿਚ ਰੋਡ ਸ਼ੋਅ ਕਰਵਾਇਆ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ ਸਜਾ ਕੇ ਅਤੇ ਹੱਥਾਂ ਵਿਚ ਤਿਰੰਗੇ ਲਹਿਰਾਉਂਦਿਆਂ ਸ਼ਹਿਰ ਵਾਸੀਆਂ ਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਲਈ ਜਾਗਰੂਕ ਕੀਤਾ।

 ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਜਿੱਥੇ ਸ਼ਹਿਰਵਾਸੀਆਂ ਨੇ ਭਰਪੂਰ ਪ੍ਰਸੰਸਾ ਕੀਤੀ ਉੱਥੇ ਕਾਫ਼ੀ ਨੌਜਵਾਨ ਆਪ ਮੁਹਾਰੇ ਇਸ ਰੋਡ ਸ਼ੋਅ ਵਿਚ ਸ਼ਾਮਲ ਹੋਏ। ਇਹ ਰੋਡ ਸ਼ੋਅ ਸ਼ਹੀਦ ਭਗਤ ਸਿੰਘ ਮਾਰਕਿਟ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਇਆ। ਇਸ ਮੌਕੇ ਐਸੋਸੀਏਸ਼ਨ ਦੇ ਮੈਬਰਾਂ ਨੇ  ‘ਸ਼ਹਿਦੋਂ ਕੀ ਚਿਤਾਓਂ ਪਰ ਲੱਗੇਗੇਂ ਹਰ ਬਰਸ ਮੇਲੇ,ਵਤਨ ਪਰ ਮਿਟਨੇ ਵਾਲੋਂ ਕਾ ਯਹੀਂ ਬਾਕੀ ਨਿਸ਼ਾਂ ਹੋਗਾ ’ ਅਤੇ  ਸ਼ਹੀਦ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ । ਐਸੋਸੀਏਸਨ ਆਫ ਕੰਸਲਟੈਂਟ ਫਾਰ ਓਵਰਸੀਜ਼ ਦੇ ਕੋਆਰਡੀਨੇਟਰ ਅਤੇ ਰਾਈਟ ਵੇਅ ਏਅਰਿਕਸ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਸਾਡਾ ਦੇਸ਼ ਆਜ਼ਾਦ ਹੋਏ ਨੂੰ 72 ਸਾਲ ਬੀਤ ਚੁੱਕੇ ਨੇ ਪਰ ਅਜੇ ਵੀ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਤਾਮੀਰ ਨਹੀਂ ਹੋ ਸਕੀ ਹੈ ਤੇ ਉਹਨਾਂ ਦੇ ਇਹਨਾਂ ਸੁਪਨਿਆਂ ਦੀ ਪੂਰਤੀ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਨੋਜਵਾਨਾਂ ਨੂੰ ਉਹਨਾਂ ਦੇ ਫਰਜ਼ਾਂ ਪ੍ਰਤੀ ਸੁਚੇਤ ਕਰਨ ਲਈ ਹੀ ਅੱਜ ਦਾ ਇਹ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਦੇਵ ਪਿ੍ਆ ਤਿਆਗੀ , ਬਲਦੇਵ ਸਿੰਘ ਵਿਰਦੀ ,ਨਵਦੀਪ ਗੁਪਤਾ,ਪ੍ਰਦੀਪ ਕੌਸ਼ਲ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।