ਵਿੱਤ ਮੰਤਰੀ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਕਰੈਚ ਦਾ ਉਦਘਾਟਨ,ਕਰੈਚ ਵਿੱਚ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਸਾਂਭ-ਸੰਭਾਲ ਲਈ ਛੱਡ ਸਕਦੇ ਹਨ ਮਾਪੇ

ਮੋਗਾ, 15 ਅਗਸਤ: (ਜਸ਼ਨ):ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਟਾਫ਼, ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ, ਪ੍ਰਾਈਵੇਟ ਨੌਕਰੀ ਪੇਸ਼ਾ ਲੋਕਾਂ ਤੋਂ ਇਲਾਵਾ ਸ਼ਹਿਰੀ ਲੋਕਾਂ ਦੀ ਸਹੂਲਤ ਲਈ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ ਖੋਲੇ ਗਏ ਕਰੈਚ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਸਿੰਘ,ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਸੀਨੀਅਰ ਪੁਲਿਸ ਕਪਤਾਨ ਏ.ਐਸ.ਬਾਜਵਾ ਵੀ ਹਾਜ਼ਰ ਸਨ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਣਾਏ ਗਏ ਕਰੈਚ ਵਿੱਚ ਬੱਚਿਆਂ ਦੇ ਖੇਡਣ, ਪੜਨ-ਲਿਖਣ, ਖਾਣ-ਪੀਣ, ਆਰਾਮ ਕਰਨ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਕਿਚਨ, ਬੱਚਿਆਂ ਦੀ ਸਹੂਲਤ ਲਈ ਬਾਥਰੂਮ, ਟੁਆਇਲਟ ਆਦਿ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 
ਸ਼੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਜਿੱਥੇ ਇਸ ਕਰੈਚ ਵਿੱਚ ਬੱਚਿਆਂ ਨੂੰ ਰੰਗਦਾਰ ਅਤੇ ਵਧੀਆ ਵਾਤਾਵਰਣ ਪ੍ਰਦਾਨ ਕਰਨ ਲਈ ਵਾਲ ਪੇਂਟਿੰਗ ਵੀ ਕਰਵਾਈ ਗਈ ਹੈ, ਉਥੇ ਹੀ ਬੱਚਿਆਂ ਦੀ ਸਹੂਲਤ ਲਈ ਵਧੀਆ ਕਿਸਮ ਦੀਆਂ ਕੁਰਸੀਆਂ, ਵੱਖ-ਵੱਖ ਤਰਾਂ ਦੇ ਖਿਲੌਣੇ ਵੀ ਰੱਖੇ ਗਏ ਹਨ ਤਾਂ ਜੋ ਬੱਚੇ ਇਨਾ ਖਲੌਣਿਆਂ ਨਾਲ ਖੇਲ ਕੇ ਆਨੰਦ ਪ੍ਰਾਪਤ ਕਰ ਸਕਣ।
ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜਿੰਦਰ ਬੱਤਰਾ ਨੇ ਦੱਸਿਆ ਕਿ ਇਸ ਕਰੈਚ ਨੂੰ ਤਿਆਰ ਕਰਨ ਵਿੱਚ ਜ਼ਿਲਾ ਪ੍ਰਸ਼ਾਸ਼ਨ ਅਤੇ ਰੁਸਤਮਜੀ ਕੇਰਾਵਾਲਾ ਫਾਊਡੇਸ਼ਨ ਵਲੋਂ ਸਾਂਝੇ ਤੌਰ ‘ਤੇ ਉਪਰਾਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਰੈਚ ਵਿੱਚ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਸਾਂਭ-ਸੰਭਾਲ ਲਈ ਮਾਪੇ ਛੱਡ ਕੇ ਜਾ ਸਕਦੇ ਹਨ। ਉਨਾਂ ਇਸ ਮੌਕੇ ਇਹ ਵੀ ਦੱਸਿਆ ਕਿ ਸ਼ੁਰੂ ਵਿੱਚ ਇਹ ਪਾਇਲਟ ਪ੍ਰੋਜੈਕਟ ਮੁਫ਼ਤ ਹੋਵੇਗਾ ਅਤੇ ਕੁੱਝ ਸਮੇਂ ਬਾਅਦ ਘੰਟੇ ਜਾਂ ਮਹੀਨੇ ਦੇ ਹਿਸਾਬ ਨਾਲ ਘੱਟ ਤੋਂ ਘੱਟ ਖਰਚੇ ‘ਤੇ ਬੱਚਿਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।
ਉਨਾਂ ਇਹ ਵੀ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਰਕਾਰੀ ਨੌਕਰੀ ਕਰਦੇ ਮੁਲਾਜਮ ਵੀ ਆਪਣੇ ਬੱਚਿਆਂ ਨੂੰ ਸਾਂਭ-ਸੰਭਾਲ ਲਈ ਇਸ ਕਰੈਚ ਵਿੱਚ ਛੱਡ ਸਕਦੇ ਹਨ। ਇਸ ਤੋਂ ਇਲਾਵਾ ਆਮ ਲੋਕ ਜੋ ਆਪਣੇ ਕੰਮ ਕਰਵਾਉਣ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਂਦੇ ਹਨ, ਜਿਨਾਂ ਦੇ ਨਾਲ ਛੋਟੇ ਬੱਚੇ ਹੁੰਦੇ ਹਨ ਵੀ ਆਪਣਾ ਦਫ਼ਤਰੀ ਕੰਮ ਹੋਣ ਦੇ ਸਮੇਂ ਤੱਕ ਇਸ ਕਰੈਚ ਵਿੱਚ ਆਪਣੇ ਬੱਚੇ ਸਾਂਭ-ਸੰਭਾਲ ਲਈ ਛੱਡ ਸਕਦੇ ਹਨ।ਇਸ ਤੋਂ ਇਲਾਵਾ ਪ੍ਰਾਈਵੇਟ ਨੌਕਰੀ ਪੇਸ਼ਾ ਲੋਕ ਜਾਂ ਸ਼ਹਿਰ ਵਾਸੀ ਵੀ ਆਪਣੇ ਬੱਚਿਆਂ ਦੀ ਸਹੂਲਤ ਲਈ ਇਸ ਕਰੈਚ ਦਾ ਲਾਭ ਉਠਾ ਸਕਦੇ ਹਨ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀ ਗੁਰਚਰਨ ਸਿੰਘ  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਵੀ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ