ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਕਾਰਨ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ,ਮੁਲਜ਼ਮ ਗ੍ਰਿਫਤਾਰ,ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਕੀਤਾ ਗਹਿਰੇ ਦੁੱਖ ਦਾ ਇਜ਼ਹਾਰ

Tags: 

ਮੋਗਾ ,27ਜੁਲਾਈ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਜਿੱਥੇ ਸਿੱਖਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਉਥੇ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਜੇ ਕੁਝ ਦਿਨ ਪਹਿਲਾਂ ਮੋਗਾ ਵਿੱਚ ਵੀ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਪਰ ਅੱਜ ਫਿਰ ਸਵੇਰ ਵੇਲੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਕਾਰਨ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਹ ਘਟਨਾ ਅਕਾਲਸਰ ਚੌਕ ਨੇੜੇ ਪ੍ਰੇਮ ਨਗਰ ਵਿੱਚ ਵਾਪਰੀ ਜਦੋਂ ਸਵੇਰੇ ਪੰਜ ਵਜੇ ਦੇ ਕਰੀਬ ਸੈਰ ਕਰ ਰਹੇ ਵਿਅਕਤੀਆਂ ਨੇ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਖਿੱਲਰੇ ਦੇਖਿਆ। ਇਸ ਘਟਨਾ ਦਾ ਪਤਾ ਲੱਗਣ ਤੇ ਤਕਰੀਬਨ ਸੱਤ ਵਜੇ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਅਤੇ ਪ੍ਰੇਮ ਨਗਰ ਦੀਆਂ ਦੋਨੋਂ ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਦਾ ਕੰਮ ਆਰੰਭਿਆ ।ਪੁਲਿਸ ਦੀ ਇਹ ਮੁਸਤੈਦੀ ਰੰਗ ਲਿਆਈ ਅਤੇ ਘਟਨਾ ਤੋਂ ਤਕਰੀਬਨ ਚਾਰ ਘੰਟੇ ਬਾਅਦ ਪੁਲਿਸ ਨੇ ਭੀਮ ਨਗਰ ਕੈਂਪ ਦੇ  ਇੱਕ ਬਜ਼ੁਰਗ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ।ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਹੀ ਵਿਅਕਤੀ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਹੈ ।ਪੁਲਿਸ ਨੇ ਇਸ ਵਿਅਕਤੀ ਖਿਲਾਫ਼ ਥਾਣਾ ਸਿਟੀ ਸਾਊਥ  ਵਿਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਦਕਿ ਹੋਰ ਤਫ਼ਤੀਸ਼ ਲਈ ਪੁਲਿਸ ਉਸ ਬਜ਼ੁਰਗ ਨੂੰ ਸੀਆਈਏ ਸਟਾਫ ਲੈ ਗਈ । ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਅੱਜ ਸਨਿਚਰਵਾਰ ਸਵੇਰੇ ਪੰਜ ਵਜੇ ਦੇ ਕਰੀਬ  ਪ੍ਰੇਮ ਨਗਰ ਦੀ ਗਲੀ ਨੰਬਰ ਇੱਕ ਅਤੇ ਦੋ ਵਿੱਚ ਕਿਸੇ ਵਿਅਕਤੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ਖਿਲਾਰ ਦਿੱਤੇ ।ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਪਤਾ ਲੱਗਿਆ ਕਿ ਭੀਮ ਨਗਰ ਵਾਸੀ ਕੇਲਾ ਰਾਮ ਪੁੱਤਰ ਸਾਹਿਬ ਦਿੱਤਾ ਇਸ ਘਟਨਾ ਸਥਾਨ ਤੇ ਵਾਰ ਵਾਰ ਚੱਕਰ ਲਗਾ ਰਿਹਾ ਹੈ ਜਿਸ ਦੇ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕੇਲਾ ਰਾਮ ਨੂੰ ਉਸ ਦੇ ਘਰ ਤੋਂ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਉਪਰੰਤ ਇਹ ਸਾਫ ਹੋ ਗਿਆ ਕਿ ਕੇਲਾ ਰਾਮ ਨੇ ਹੀ ਇਹ ਪੱਤਰੇ ਪਾੜ ਕੇ ਸੋਚੀ ਸਮਝੀ ਸਾਜਿਸ਼ ਅਧੀਨ ਪ੍ਰੇਮ ਨਗਰ ਦੀਆਂ ਗਲੀਆਂ ਵਿੱਚ ਖਿਲਾਰੇ ਸਨ ।ਸਿੱਖ ਜਥੇਬੰਦੀਆਂ ਦੇ ਵਧਦੇ ਰੋਸ ਨੂੰ ਦੇਖਦੇ ਹੋਏ ਪੁਲਿਸ  ਮੁਲਜ਼ਮ ਨੂੰ ਭਾਰੀ ਸੁਰੱਖਿਆ ਵਿੱਚ ਥਾਣਾ ਸਿਟੀ ਸਾਊਥ ਲੈ ਗਈ ਜਿੱਥੇ  ਮੁੱਢਲੀ ਪੁੱਛ  ਉਪਰੰਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ।ਇਸੇ ਘਟਨਾਕਰਮ ਦੇ ਇੱਕ ਹੋਰ ਪਹਿਲੂ ਮੁਤਾਬਕ  ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਆਪਣੇ ਪੱਧਰ ਤੇ ਮੁਲਜ਼ਮ ਕੇਲਾ ਰਾਮ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੇ ਇੱਕ ਹੋਰ ਗੁਟਕਾ ਸਾਹਿਬ ਮਿਲਿਆ ਜਿਸ ਨੂੰ ਸਿੱਖਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ।ਪੁਲਿਸ ਨੇ ਸਤਿਕਾਰ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਵਾਸੀ ਖੁਖਰਾਣਾ ਦੇ ਬਿਆਨ ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਕੇਲਾ ਰਾਮ ਦੇ ਪਰਿਵਾਰਕ ਮੈਂਬਰਾਂ ਦਾ ਤਰਕ ਹੈ ਕਿ ਕੇਲਾ ਰਾਮ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਹੈ ਜਿਸ ਕਰਕੇ ਉਸ ਨੇ ਜਾਣ ਬੁੱਝ ਕੇ ਇਸ ਘਟਨਾ ਨੂੰ ਅੰਜਾਮ ਨਹੀਂ ਦਿੱਤਾ । ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਉਨ੍ਹਾਂ ਦੇ ਇਸ ਤਰਕ ਨੂੰ ਖਾਰਜ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਫ ਹੈ ਕਿ ਮੁਲਜ਼ਮ ਕੇਲਾ ਰਾਮ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਹੀਂ ਹੈ ਅਤੇ ਉਸ ਨੇ ਜਾਣਬੁੱਝ ਕੇ ਇਹ ਘਟਨਾ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ।ਅੱਜ ਦੀ ਇਸ ਹਿਰਦੇਵੇਦਕ ਘਟਨਾ ਵਾਪਰਨ ਉਪਰੰਤ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਇਸ ਘਟਨਾ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ।ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾ ਵਿੱਚ ਨਿਖੇਦੀ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਅਤੇ ਡੀ.ਐਸ.ਪੀ. ਸਿਟੀ ਨਾਲ ਮੁਲਾਕਾਤ ਕਰਕੇ ਘਟਨਾ ਦਾ ਜ਼ਾਇਜਾ ਲਿਆ। ਲਗਦਾ ਹੈ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ਤੇ ਬੀਮਾਰ ਹੋਵੇਗਾ। ਉਸ ਕੋਲੋ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਡਾ. ਹਰਜੋਤ ਕਮਲ ਨੇ ਉਨਾਂ ਨੂੰ ਸਾਰੀ ਸੱਚਾਈ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ। ਉਨਾਂ ਸਮੂਹ ਸੰਗਤਾਂ  ਨੂੰ ਅਪੀਲ ਕੀਤੀ ਕਿ ਅਜਿਹੇ ਧਾਰਮਿਕ ਮਾਮਲੇ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਮੋਗਾ ਅਤੇ ਪੰਜਾਬ ਦਾ ਮਾਹੌਲ ਸ਼ਾਂਤੀਪੂਰਨ ਰੱਖਿਆ ਜਾਵੇ। ਉਨਾਂ ਕਿਹਾ ਕਿ ਇਹ ਘਟਨਾਵਾਂ ਬਹੁਤ ਹੀ ਦੁਖਦਾਇਕ ਹੁੰਦੀਆਂ ਹਨ, ਪਰ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਦੀਆਂ ਹਨ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂਕਿ ਕੋਈ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ