ਕਾਰ ਹਾਦਸੇ ‘ਚ ਡਾਕਟਰ ਲੜਕੀ ਦੀ ਮੌਤ

Tags: 

ਫ਼ਿਰੋਜ਼ਪੁਰ,18 ਜੁਲਾਈ (ਜਸਵੰਤ ਸਮਾਲਸਰ): ਅੱਜ ਸਵੇਰ ਸਮੇਂ ਫੌਜੀ ਗੱਡੀ ਅਤੇ ਆਈ 20 ਕਾਰ ਦਰਮਿਆਨ ਹੋਈ ਜਬਰਦਸਤ ਟੱਕਰ ਵਿਚ ਕਾਰ ਸਵਾਰ ਡਾਕਟਰ ਲੜਕੀ ਚੇਸਤਾ ਖੇੜਾ ਦੀ ਮੌਤ ਹੋ ਗਈ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫ਼ਿਰੋਜ਼ਪੁਰ ਵਾਸੀ ਡਾ: ਚੇਸ਼ਟਾ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰਾਂ ਜਾ ਰਹੀ ਸੀ । ਜਦ ਉਹ ਫ਼ਿਰੋਜ਼ਪੁਰ ਫ਼ਰੀਦਕੋਟ ਰੋਡ ‘ਤੇ ਪਿੰਡ ਰੁਕਣੇ ਵਾਲਾ ਲਾਗੇ ਕਿਲੇ ਵਾਲੇ ਮੋੜ ਤੋਂ ਲੰਘ ਰਹੀ ਸੀ ਤਾਂ ਅਚਾਨਕ  ਉਸ ਦੀ ਕਾਰ ਫੌਜ ਦੀ ਗੱਡੀ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰਾਂ ਨੇਸਤੋ ਨਬੂਦ ਹੋ ਗਈ ਤੇ 25 ਸਾਲਾ ਚੇਸ਼ਟਾ ਖੇੜਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਰਤਕਾ ਚੇਸ਼ਟਾ ਫ਼ਿਰੋਜ਼ਪੁਰ ਵਾਸੀ ਬੈਂਕ ਅਫਸਰ ਨਰੇਸ਼ ਖੇੜਾ ਦੀ ਧੀ ਹੈ,ਉਸਦੀ ਮਾਤਾ ਕੇਂਦਰੀ ਵਿਦਿਆਲਿਆ ਵਿਚ ਅਧਿਆਪਕਾ ਹੈ । ਥਾਣਾ ਕੁਲਗੜੀ ਦੇ ਏ.ਐੱਸ.ਆਈ ਜਗੀਰ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੇਸ਼ਟਾ ਖੇੜਾ ਨੇ 2018 ਵਿਚ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ  ਵਿਖੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ ।