ਦਵਿੰਦਰ ਸਿੰਘ ਰਣੀਆ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ‘‘ ਸਿਆਸੀ ਆਗੂਆਂ ਵੱਲੋਂ ਰਚੀ ਡੂੰਘੀ ਸਾਜਿਸ਼ ਦਾ ਕਰਾਂਗਾ ਪਰਦਾਫਾਸ਼’’

ਮੋਗਾ,20 ਅਗਸਤ (ਜਸ਼ਨ): ਵਿਦੇਸ਼ ਭੇਜਣ ਦੇ ਝਾਂਸੇ ਤਹਿਤ 30 ਲੱਖ ਰੁਪਏ ਠੱਗਣ ਦੇ ਇਲਜ਼ਾਮ ਨੂੰ ਮੁੱਢੋਂ ਨਕਾਰਦਿਆਂ ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਆਖਿਆ ਹੈ ਕਿ ਪਲਿੱਓਂ ਪੈਸੇ ਖਰਚ ਕੇ ਲੋਕ ਭਲਾਈ ਦੇ ਕਾਰਜ ਕਰਨ ਵਾਲਾ ਕਦੇ ਠੱਗੀਆਂ ਠੋਰੀਆਂ ਦੇ ਚੱਕਰ ਵਿਚ ਨਹੀਂ ਪੈਂਦਾ । ਉਹਨਾਂ ਆਪਣੀ ਆਵਾਜ਼ ਵਿਚ ਸੁਨੇਹਾ ਦਿੰਦਿਆਂ ਇਲਜ਼ਾਮ ਲਗਾਇਆ ਕਿ ਇਹ ਉਹਨਾਂ ਦੀ ਲੋਕਾਂ ਵਿਚ ਬਣੀ ਭੱਲ ਤੋਂ ਦੁਖੀ ਸਿਆਸੀ ਆਗੂਆਂ ਵੱਲੋਂ ਰਚੀ ਡੂੰਘੀ ਸਾਜਿਸ਼ ਹੈ ਅਤੇ ਉਹਨਾਂ ਦੇ ਸਿਆਸੀ ਜੀਵਨ ’ਤੇ ਦਾਗ ਲਗਾਉਣ ਦੀ ਨਾਪਾਕ ਕੋਸ਼ਿਸ ਕੀਤੀ ਜਾ ਰਹੀ ਹੈ । ਰਣੀਆ ਨੇ ਆਖਿਆ ਕਿ ਆਪਣੇ ਸਿਆਸੀ ਜੀਵਨ ਦੌਰਾਨ ਉਹਨਾਂ ਨੇ ਇਸ ਤੋਂ ਵੀ ਵੱਡੇ ਵੱਡੇ ਪਰਚੇ ਭੁਗਤੇ ਹਨ ਤੇ ਹੁਣ ਵੀ ਉਹ ਭਾਰਤ ਆ ਕੇ ਜਨਤਕ ਤੌਰ ‘ਤੇ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾਉਣਗੇ। ਉਹਨਾਂ ਕਿਹਾ ਕਿ ਉਹਨਾਂ ’ਤੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹ ਠੱਗੀ ਮਾਰ ਕੇ ਵਿਦੇਸ਼ ਭੱਜ ਗਏ ਹਨ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਪਹਿਲੀ ਵਾਰ ਵਿਦੇਸ਼ ਨਹੀਂ ਗਏ ਸਗੋਂ ਉਹ ਅਕਸਰ ਆਪਣੇ ਰੋਜ਼ਗਾਰ ਸਬੰਧੀ ਅਤੇ ਆਪਣੇ ਬੱਚਿਆਂ ਕੋਲ ਆਉਂਦੇ ਜਾਂਦੇ ਰਹਿੰਦੇ ਹਨ । ਉਹਨਾਂ ਕਿਹਾ ਕਿ ਉਹਨਾਂ ਦੀ ਸ਼ਖਸੀਅਤ ’ਤੇ ਉਗਲ ਚੁੱਕਣ ਵਾਲਿਆਂ ਨੂੰ ਮੈਂ ਅਗਾਹ ਕਰਦਾ ਹਾਂ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਅਤੇ ਅਜਿਹੇ ਝੂਠੇ ਪਰਚੇ ਦਰਜ ਕਰਵਾਉਣ ਤੋਂ ਗੁਰੇਜ਼ ਕਰਨ । ਉਹਨਾਂ ਕਿਹਾ ਕਿ ਪਰਚਿਆਂ ਤੋਂ ਉਹ ਡਰਨ ਵਾਲੇ ਨਹੀਂ ਤੇ ਛੇਤੀ ਹੀ ਇਸ ਸਾਜਿਸ਼ ਦਾ ਮੂੰਹ ਤੋੜਵਾਂ ਜਵਾਬ ਦੇਣਗੇ। 
ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆਂ ’ਤੇ ਪਿਛਲੇ ਦਿਨੀਂ ਸੇਵਕ ਸਿੰਘ ਪੁੱਤਰ ਅਮਰ ਸਿੰਘ ਵਾਸੀ ਰਸੂਲਪੁਰ ਦੀ ਸ਼ਿਕਾਇਤ ’ਤੇ ਮੋਗਾ ਪੁਲਿਸ ਵੱਲੋ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਰਣੀਆ ਅਤੇ ਏਜੰਟ ਨੇ 30 ਲੱਖ ਰੁਪਏ ਲਏ ਪਰ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਿਆ। ਵਰਨਣਯੋਗ ਹੈ ਕਿ ਸ਼ਿਕਾਇਤਕਰਤਾ ਦਵਿੰਦਰ ਰਣੀਆ ਦਾ ਸਕੀ ਮਾਸੀ ਦਾ ਮੁੰਡਾ ਹੈ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ