ਲੋਪੋਂ ਦੀ ਦਾਣਾ ਮੰਡੀ ਵਿਚ ਝੋਨੇ ਦੀ ਵਿਕਰੀ ਨਾ ਹੋਣ ਕਰਕੇ ਪ੍ਰੇਸ਼ਾਨ ਕਿਸਾਨਾਂ ਕੀਤੀ ਨਾਅਰੇਬਾਜੀ

ਬੱਧਨੀ ਕਲਾਂ, 11 ਨਵੰਬਰ (ਜਸ਼ਨ) : ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਉਣ ਦੇਣ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੇ ਉਲਟ ਪਿੰਡ ਲੋਪੋਂ ਦੀ ਅਨਾਜ ਮੰਡੀ ਵਿਚ ਕਿਸਾਨ ਪਿਛਲੇ 10 ਦਿਨਾਂ ਤੋਂ ਆਪਣੀ ਫ਼ਸਲ ਨਾ ਵਿਕਣ ਕਰਕੇ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਆੜਤੀਏ ਕਾਟ ਲਗਾ ਕੇ ਉਹਨਾਂ ਨੂੰ ਝੋਨਾ ਵੇਚਣ ਲਈ ਮਜ਼ਬੂਰ ਕਰਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਰਗੜਾ ਲੱਗ ਰਿਹਾ ਹੈ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਇਹ ਵਰਤਾਰਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਪਨਗ੍ਰੇਨ ਦੇ ਅਧਿਕਾਰੀਆਂ ਦੀ ਕਥਿਤ ਆਪਸੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਕੁਲਦੀਪ ਸਿੰਘ, ਨਾਹਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸੰਤ ਸਿੰਘ ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ ਆਦਿ ਨੇ ਅੱਜ ਤੜਕਸਾਰ ਪਿੰਡ ਲੋਪੋਂ ਦੀ ਦਾਣਾ ਮੰਡੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾ ਸਰਕਾਰੀ ਹੁਕਮਾਂ ਮੁਤਾਬਿਕ ਝੋਨੇ ਦੀ ਬਜਾਈ ਲੇਟ ਕੀਤੀ ਗਈ ਅਤੇ ਹੁਣ ਜਦੋਂ ਝੋਨੇ ਦੀ ਕਟਾਈ ਕੀਤੀ ਗਈ ਤਾਂ ਮੰਡੀ ਵਿੱਚ ਨਮੀ ਦਾ ਬਹਾਨਾ ਲਾ ਕੇ ਦਸ-ਦਸ ਦਿਨਾਂ ਤੋਂ ਮੰਡੀ ਵਿਚ ਰੁਲ ਰਹੇ ਹਾਂ ’ਤੇ ਹੁਣ ਝੋਨੇ ਦੀ ਵਿਕਰੀ ਕਰਨ ਲਈ 100 ਗੱਟੇ ਮਗਰ ਦੋ ਤੋਂ ਲੈ ਕੇ ਪੰਜ ਗੱਟਿਆਂ ਤੱਕ ਦੀ ਨਜ਼ਾਇਜ ਵਸੂਲੀ ਕੀਤੀ ਜਾ ਰਹੀ ਹੈ ਉਨਾਂ ਕਿਹਾ ਕਿ ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ 48 ਘੰਟੇ ਵਿਚ ਅਦਾਇਗੀ ਕਰਨ ਦੇ ਦਾਅਵੇਂ ਕਰ ਰਹੀ ਹੈ ਦੂਜੇ ਪਾਸੇ ਕਿਸਾਨ ਦਸ-ਦਸ ਦਿਨਾਂ ਤੋਂ ਮੰਡੀਆਂ ਵਿਚ ਰੁਲ ਰਹੇ ਹਨ। ਉਨਾਂ ਇਹ ਵੀ ਦੋਸ਼ ਲਾਇਆਂ ਕਿ ਕਈ ਦਿਨਾਂ ਤੋਂ ਝੋਨੇ ਦੀ ਖ਼੍ਰੀਦ ਇਸ ਕਰਕੇ ਰੁਕੀ ਹੋਈ ਹੈ ਕਿ ਮੰਡੀ ਵਿਚ ਅਜੇ ਬਾਰਦਾਨਾ ਨਹੀਂ ਹੈ। ਉਨਾਂ ਸਿੱਧੇ ਤੌਰ ’ਤੇ ਮਾਰਕੀਟ ਕਮੇਟੀ ਬੱਧਨੀ ਕਲਾਂ, ਪਨਸਪ ਦੇ ਅਧਿਕਾਰੀ ਅਤੇ ਆੜਤੀਆਂ ਦੀ ਆਪਸੀ ਗੰਢਤੁਪ ਦਾ ਨਤੀਜਾ ਦੱਸਿਆ ਕਿ ਇਹ ਰਲ ਕੇ ਕਥਿਤ ਤੌਰ ’ਤੇ ਕਿਸਾਨਾਂ ਦੀ ਅੰਨੀ ਲੁੱਟ ਕਰ ਰਹੇ ਹਨ। ਉਨਾਂ ਕਿਹਾ ਕਿ ਜੇਕਰ ਇਨਾਂ ਅਧਿਕਾਰੀਆਂ ’ਤੇ ਤੁਰੰਤ ਬਣਦੀ ਕਾਰਵਾਈ ਨਾ ਕੀਤੀ ਤਾਂ ਸੰਘਰਸਸ਼ੀਲ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨਾਂ ਕੈਪਟਨ ਸਰਕਾਰ ਤੋਂ ਇਸ ਲੁੱਟ ਨੂੰ ਤੁਰੰਤ ਬੰਦ ਕਰਵਾਏਵੀ ਜਾਣ ਦੀ ਮੰਗ ਕੀਤੀ ਹੈ । ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਵੀਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨਾਂ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਮੰਡੀ ਵਿਚ ਨਾਇਬ ਤਹਿਸੀਲਦਾਰ ਨਾਲ ਗਿਆ ਸੀ, ਪਰ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ, ਪਰ ਹੁਣ ਉਹ ਕੱਲ ਹੀ ਮੰਡੀ ਵਿੱਚ ਜਾਣਗੇ ਅਤੇ ਬਣਦੀ ਕਾਰਵਾਈ ਕਰਨਗੇ।