‘ਨਸ਼ਾ ਵਿਰੋਧੀ ਫਰੰਟ ਕੋਟਕਪੂਰਾ’ ਵੱਲੋਂ 7 ਰੋਜ਼ਾ ਸ਼ਾਂਤਮਈ ਧਰਨੇ ਦੇ ਪਹਿਲੇ ਦਿਨ ਭਾਰੀ ਗਿਣਤੀ ’ਚ ਆਮ ਲੋਕਾਂ ਨੇ ਨਸ਼ਾ ਤਸਕਰਾਂ ਖਿਲਾਫ਼ ਮੋਰਚਾ ਖੋਲਿਆ

ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) :- ਨਸ਼ਿਆਂ ਵਿਰੁੱਧ ਲਾਮਬੰਦੀ ਲਈ ‘ਮਰੋ ਜਾਂ ਵਿਰੋਧ ਕਰੋ’ ਦੇ ਬੈਨਰ ਹੇਠ ਵੱਖ-ਵੱਖ ਸਮਾਜਸੇਵੀ ਸੰਸਥਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ ਆਦਿ ਦੇ ਸਾਂਝੇ ‘ਨਸ਼ਾ ਵਿਰੋਧੀ ਫਰੰਟ ਕੋਟਕਪੂਰਾ’ ਵੱਲੋਂ 7 ਰੋਜ਼ਾ ਸ਼ਾਂਤਮਈ ਧਰਨੇ ਦੇ ਪਹਿਲੇ ਦਿਨ ਭਾਰੀ ਗਿਣਤੀ ’ਚ ਸ਼ਖਸ਼ੀਅਤਾਂ ਨੇ ਆਪਣੇ ਬੱਚਿਆਂ ਸਮੇਤ ਸ਼ਮੂਲੀਅਤ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਨੌਜਵਾਨੀ ਦਾ ਘਾਣ ਕਰਨ ਵਾਲੇ ਨਸ਼ਿਆਂ ਅਤੇ ਨਸ਼ਾ ਤਸਕਰਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਅੱਜ ਦੇ ਧਰਨੇ ’ਚ ਹਲਕਾ ਵਿਧਾਇਕ ਸਮੇਤ ਕਈ ਪੋ੍ਰਫੈਸਰ, ਡਾਕਟਰ, ਵਕੀਲ, ਇੰਜੀਨੀਅਰ, ਫਿਲਾਸਫਰ ਅਤੇ ਉਦਯੋਗਪਤੀਆਂ ਨੇ ਵੀ ਸ਼ਿਰਕਤ ਕੀਤੀ ਪਰ ਪਹਿਲਾਂ ਬਣੀ ਵਿਉਂਤਬੰਦੀ ਮੁਤਾਬਿਕ ਧਰਨੇ ਨੂੰ ਨਿਰੋਲ ਗੈਰ ਸਿਆਸੀ ਅਤੇ ਗੈਰ ਵਿਵਾਦਤ ਰੱਖਦਿਆਂ ਪੂਰੀ ਤਰਾਂ ਸ਼ਾਂਤਮਈ ਰੱਖਿਆ ਗਿਆ। ਕੜਕਦੀ ਧੁੱਪ ਅਤੇ ਸਖਤ ਗਰਮੀ ਦੇ ਬਾਵਜੂਦ ਆਵਾਜਾਈ ’ਚ ਅੜਿੱਕਾ ਨਾ ਬਣਦਿਆਂ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਵੱਖ ਵੱਖ ਸ਼ਖਸ਼ੀਅਤਾਂ ਨੇ ਆਪੋ ਆਪਣੇ ਹੱਥਾਂ ’ਚ ਨਸ਼ਾ ਵਿਰੋਧੀ ਤਖਤੀਆਂ ਫੜ ਕੇ ਸਵੇਰੇ 10:00 ਵਜੇ ਤੋਂ 11:30 ਵਜੇ ਤੱਕ ਅਰਥਾਤ ਲਗਾਤਾਰ ਡੇਢ ਘੰਟਾ ਸ਼ਾਂਤਮਈ ਰੋਸ ਵਿਖਾਵਾ ਕੀਤਾ। ਇਸ ਤੋਂ ਇਲਾਵਾ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਕੇਤਕ ਭੁੱਖ ਹੜਤਾਲ ਵੀ ਜਾਰੀ ਰਹੀ, ਜੋ ਲਗਾਤਾਰ ਸੱਤ ਦਿਨ ਤੱਕ ਇਸੇ ਤਰਾਂ ਜਾਰੀ ਰਹੇਗੀ। ਅੱਜ ਪਹਿਲੇ ਦਿਨ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ 8 ਉਤਸ਼ਾਹੀ ਨੌਜਵਾਨ ਹਰਪਿੰਦਰ ਸਿੰਘ, ਸੁਖਜੀਤ ਸਿੰਘ ਢਿੱਲਵਾਂ, ਮਨਦੀਪ ਮੋਂਗਾ, ਹਰਦੀਪ ਸਿੰਘ ਹੈਪੀ, ਗਗਨਪ੍ਰੀਤ ਸਿੰਘ, ਨਰਿੰਦਰ ਕੁਮਾਰ, ਅਮੋਲਕ ਸਿੰਘ, ਯਾਦਵਿੰਦਰ ਸਿੰਘ ਜਾਦੂ ਸ਼ਾਮਲ ਸਨ। ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਪਤਵੰਤਿਆਂ ਤੇ ਉਨਾ ਦੇ ਬੱਚਿਆਂ ਦੇ ਹੱਥਾਂ ’ਚ ਫੜੀਆਂ ਤਖਤੀਆਂ ਉੱਪਰ ਲਿਖੇ ਸਲੋਗਨ ਉੱਠੋ ਲੋਕੋ ਜਾਗੋ ਵੇ, ਇੱਕ ਮਾਂ ਵਾਸਤੇ ਪਾਉਂਦੀ ਆ, ਲਾਡਾਂ ਨਾਲ ਜਵਾਨੀ ਪਾਲੀ, ਟੀਕੇ ਚਿੱਟੇ ਦੇ ਲਾਉਂਦੀ ਆ ਅਤੇ ਅਸੀ ਨਸ਼ਾ ਨਹੀਂ ਜਿੰਦਗੀ ਚਾਹੁੰਦੇ ਹਾਂ ਤੇ ਰੋਂਦੀਆਂ ਮਾਵਾਂ ਦੇ ਵੈਣ ਸਰਕਾਰਾਂ ਦੇ ਕਿਉਂ ਨਾ ਕੰਨੀ ਪੈਣ? ਆਦਿਕ 100 ਤੋਂ ਜਿਆਦਾ ਪ੍ਰਭਾਵਸ਼ਾਲੀ ਸਲੋਗਨਾ ਵਾਲੀਆਂ ਤਖਤੀਆਂ ਨੇ ਵਾਹਨ ਚਾਲਕਾਂ, ਰਾਹਗੀਰਾਂ ਤੇ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ, ਕਿਉਂਕਿ ਰਾਸ਼ਟਰੀ ਰਾਜ ਮਾਰਗ ਹੋਣ ਕਰਕੇ ਉਥੋਂ ਲੰਘਣ ਵਾਲੇ ਵਾਹਨ ਚਾਲਕ ਤੇ ਰਾਹਗੀਰ ਤਖਤੀਆਂ ਦੀਆਂ ਫੋਟੋਆਂ ਤੇ ਸੈਲਫੀਆਂ ਖਿੱਚਣ ’ਚ ਕਾਫੀ ਦਿਲਚਸਪੀ ਦਿਖਾਉਂਦੇ ਰਹੇ। ਇਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਆਖਿਆ ਕਿ ਨਸ਼ੇ ਵਾਲੀ ਸਪਲਾਈ ਲਾਈਨ ਤੋੜਨ ਦਾ ਕੰਮ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਹੁੰਦਾ ਹੈ, ਨਸ਼ਾ ਤਸਕਰਾਂ ਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਗਿ੍ਰਫਤਾਰ ਵੀ ਪੁਲਿਸ ਜਾਂ ਸਰਕਾਰ ਕਰੇ ਪਰ ਜੇਕਰ ਇਹ ਕੰਮ ਆਮ ਲੋਕਾਂ ਨੂੰ ਕਰਨਾ ਪੈ ਗਿਆ ਤਾਂ ਫਿਰ ਸਰਕਾਰ ਜਾਂ ਪੁਲਿਸ ਪ੍ਰਸ਼ਾਸ਼ਨ ਲਈ ਕਸੂਤੀ ਸਥਿੱਤੀ ਪੈਦਾ ਹੋ ਸਕਦੀ ਹੈ। ਇਸ ਲਹਿਰ ਦਾ ਉਸਾਰੂ ਅਤੇ ਦਿਲਚਸਪ ਪਹਿਲੂ ਇਹ ਵੀ ਹੈ ਕਿ ਉਕਤ ਸੰਘਰਸ਼ ’ਚ ਕੋਟਕਪੂਰੇ ਦੇ ਸਮੂਹ ਪੱਤਰਕਾਰਾਂ ਨੇ ਵੀ ਸਮਰਥਨ ਕਰਦਿਆਂ ਸ਼ਮੂਲੀਅਤ ਕੀਤੀ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ