ਕੇਸ ਕਤਲ ਕਰਵਾਉਣ ਵਾਲੀ ਅਜੋਕੀ ਪੀੜ੍ਹੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲਵੇ : ਬਾਬਾ ਗੁਰਦੀਪ ਸਿੰਘ

*ਚੰਦ ਪੁਰਾਣਾ ਵਿਖੇ ਮਨਾਇਆ ਗਿਆ ਭਾਈ ਤਾਰੂ ਸਿੰਘ ਜੀ ਦਾ ਅਵਤਾਰ ਦਿਹਾੜਾ
ਬਾਘਾ ਪੁਰਾਣਾ,10 ਅਕਤੂਬਰ ()ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਇਸ ਮੌਕੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈਸਵੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ।ਸ਼ਹੀਦ ਭਾਈ ਤਾਰੂ ਸਿੰਘ ਜੀ ਇਕ ਮਿਹਨਤਕਸ਼ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਤਾਰੂ ਸਿੰਘ ਜੀ ਨੇ ਜੰਗਲਾਂ 'ਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਕ ਮੁਖ਼ਬਰ ਹਰਿ ਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਲਈ ਤਾਂ ਇਹ ਗੱਲ ਜ਼ਕਰੀਆ ਖ਼ਾਨ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ। ਭਾਈ ਤਾਰੂ ਸਿੰਘ ਜੀ ਨੂੰ ਧਰਮ ਦੀ ਇਸ ਸੇਵਾ ਬਦਲੇ ਅਸਹਿ ਤੇ ਅਕਹਿ ਤਸੀਹੇ ਸਹਿਣੇ ਪਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲਵੇ ਤੇ ਇਸ ਦੇ ਬਦਲੇ ਉਸ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੇ ਸੁੱਖ-ਸਹੂਲਕਾਂ ਮਿਲਣਗੀਆਂ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਾ ਡੋਲੇ। ਉਨ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋਣਾ ਕਬੂਲ ਨਹੀਂ ਕੀਤਾ। ਭਾਈ ਤਾਰੂ ਸਿੰਘ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ 'ਤੇ ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਇਸ ਦੇ ਕੇਸ ਕਤਲ ਕਰ ਦਿੱਤੇ ਜਾਣ। ਭਾਈ ਤਾਰੂ ਸਿੰਘ ਨੇ ਕਿਹਾ ਇਹ ਕੇਸ ਮੇਰੇ ਗੁਰੂ ਦੀ ਮੋਹਰ ਹਨ, ਇਨ੍ਹਾਂ ਨੂੰ ਕਤਲ ਨਾ ਕੀਤਾ ਜਾਵੇ। ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦੇ ਦਿੱਤਾ। ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ, ਉਹ ਜਪੁਜੀ ਸਾਹਿਬ ਦਾ ਪਾਠ ਪੜ੍ਹ ਰਹੇ ਸਨ। ਰੱਬੀ ਭਾਣੇ 'ਚ ਰਹਿੰਦਿਆਂ ਉਨ੍ਹਾਂ ਮੂੰਹੋਂ 'ਸੀ' ਤਕ ਨਾ ਉਚਾਰੀ। ਬਾਬਾ ਜੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅਸੀਂ ਭਾਈ ਤਾਰੂ ਸਿੰਘ ਜੀ ਦੇ ਵਾਰਸ ਬਣਨਾ ਸੀ ਪਰ ਸਾਡੇ ਤੇ ਜੋ ਪੱਛਮਤਾ ਦਾ ਪ੍ਰਭਾਵ ਪਿਆ ਹੈ ਉਸ ਨਾਲ ਅਸੀਂ ਸਿੱਖ ਹੋਣ ਦੀ ਪਹਿਚਾਣ ਵੀ ਗੁਆ ਰਹੇ ਹਾਂ।ਅੱਜ ਇਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਣਾ ਯੋਗਦਾਨ ਪਾਈਏ।


