ਆਮ ਆਦਮੀ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਦਾ ਐਲਾਨ,ਕਮੇਟੀ ‘ਚ ਮੋਗਾ ਜ਼ਿਲ੍ਹੇ ਦੇ ਦਲਜੀਤ ਸਿੰਘ ਸਦਰਪੁਰਾ ਅਤੇ ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ ਹੋਣਗੇ ਸਪੈਸ਼ਲ ਇਨਵਾਈਟੀ

ਚੰਡੀਗੜ, 7 ਅਗਸਤ  (ਜਸ਼ਨ):-ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ਼ ਕਰਦੇ ਹੋਏ ਅੱਜ ਪੰਜਾਬ ਵਾਸਤੇ ਅੱਠ ਮੈਂਬਰੀ ਐਡਹਾਕ ਪੋਲੀਟੀਕਲ ਅਫੇਅਰਸ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਗਿਆ ਹੈ। ਕਮੇਟੀ ਦੇ ਅੱਠ ਮੈਂਬਰ ਸ. ਸੁਖਪਾਲ ਸਿੰਘ ਖਹਿਰਾ ਸਾਬਕਾ ਵਿਰੋਧੀ ਧਿਰ ਨੇਤਾ (ਐਮ.ਐਲ.ਏ. ਭੁਲੱਥ), ਸ. ਕੰਵਰ ਸੰਧੂ (ਐਮ.ਐਲ.ਏ. ਖਰੜ), ਸ. ਨਾਜਰ ਸਿੰਘ ਮਾਨਸ਼ਾਹੀਆ (ਐਮ.ਐਲ.ਏ. ਮਾਨਸਾ), ਸ. ਜਗਦੇਵ ਸਿੰਘ ਕਮਾਲੂ (ਐਮ.ਐਲ.ਏ. ਮੌੜ), ਮਾਸਟਰ ਬਲਦੇਵ ਸਿੰਘ (ਐਮ.ਐਲ.ਏ. ਜੈਤੋ), ਸ. ਪਿਰਮਲ ਸਿੰਘ ਖਾਲਸਾ (ਐਮ.ਐਲ.ਏ. ਭਦੌੜ), ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ (ਐਮ.ਐਲ.ਏ. ਰਾਏਕੋਟ) ਅਤੇ ਸ. ਜੈ ਕਿਸ਼ਨ ਸਿੰਘ ਰੋੜੀ (ਐਮ.ਐਲ.ਏ. ਗੜਸ਼ੰਕਰ) ਹਨ। ਸ: ਮਾਨਸ਼ਾਹੀਆ ਐਡਹਾਕ ਕਮੇਟੀ ਦੇ ਮੈਂਬਰ ਸੈਕਟਰੀ ਹੋਣਗੇ। ਅੱਜ  ਇਸ ਦਾ ਐਲਾਨ ਕਰਦੇ ਹੋਏ ਐਮ.ਐਲ.ਏ ਖਰੜ ਸ. ਕੰਵਰ ਸੰਧੂ ਨੇ ਦੱਸਿਆ ਕਿ ਐਡਹਾਕ ਪੀ.ਏ.ਸੀ ਵਿੱਚ ਅੱਠ ਸਪੈਸ਼ਲ ਇਨਵਾਇਟੀ ਵੀ ਹੋਣਗੇ। ਇਹਨਾਂ ਅੱਠਾਂ ਵਿਚ  ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ (ਗੁਰਦਾਸਪੁਰ), ਸ. ਦਲਜੀਤ ਸਿੰਘ ਸਦਰਪੁਰਾ (ਧਰਮਕੋਟ), ਨਰਿੰਦਰਪਾਲ ਸਿੰਘ ਚਾਹਲ ਐਡਵੋਕੇਟ (ਮੋਗਾ), ਸ਼੍ਰੀ ਦੀਪਕ ਬਾਂਸਲ (ਬਠਿੰਡਾ), ਸ. ਪਰਮਜੀਤ ਸਿੰਘ ਸੱਚਦੇਵਾ (ਹੁਸ਼ਿਆਰਪੁਰ), ਸ. ਪ੍ਰਗਟ ਸਿੰਘ ਚੁਗਾਂਵਾ (ਅੰਮਿ੍ਰਤਸਰ ਦਿਹਾਤੀ), ਸ਼੍ਰੀ ਸੁਰੇਸ਼ ਸ਼ਰਮਾ (ਅੰਮਿ੍ਰਤਸਰ ਸ਼ਹਿਰੀ) ਅਤੇ ਕਰਮਜੀਤ ਕੌਰ ਮਾਨਸਾ ਸ਼ਾਮਲ ਹੋਣਗੇ । ਐਡਹਾਕ ਪੀ.ਏ.ਸੀ ਦੇ ਸਾਰੇ ਮੈਂਬਰ ਅਤੇ ਸਪੈਸ਼ਲ ਇਨਵਾਇਟੀ ਪ੍ਰਸਤਾਵਿਤ ਐਡਹਾਕ ਸਟੇਟ ਐਗਜੀਕਿਊਟਿਵ ਕਮੇਟੀ ਦੇ ਵੀ ਮੈਂਬਰ ਹੋਣਗੇ। ਸ. ਸੰਧੂ ਨੇ ਕਿਹਾ ਕਿ ਇਸ ਦਾ ਐਲਾਨ ਜਲਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜਿਲਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਢਾਂਚਾ ਵੀ ਖੜਾ ਕਰੇਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜਿਲਾ ਪੱਧਰੀ ਪਾਰਟੀ ਵਲੰਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੇਗੀ। “ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਭੰਗ ਸਮਝਿਆ ਜਾਵੇਗਾ ਅਤੇ ਇੱਕ ਨਵੀਂ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ। ਬਠਿੰਡਾ ਵਿਖੇ ਆਪ ਵਲੰਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾਬ ਵਿੱਚ ਆਪ ਦੇ ਢਾਂਚੇ ਦੇ ਮੁੜ ਗਠਨ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮਤੇ ਪਾਸ ਕੀਤੇ ਗਏ ਸਨ। ਕਨਵੈਨਸ਼ਨ ਨੇ ਪਾਰਟੀ ਦੇ ਮੌਜੂਦਾ ਸੂਬਾ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੇਂ ਢਾਂਚੇ ਦੇ ਜਲਦ ਬਣਾਏ ਜਾਣ ਦਾ ਐਲਾਨ ਕੀਤਾ ਸੀ। ਸੰਧੂ ਨੇ ਕਿਹਾ ਕਿ “ ਸਮੁੱਚੀ ਪ੍ਰਕਿਰਿਆ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਵਾਲੇ ਸਵਰਾਜ ਦੀ ਤਰਜ਼ ਉੱਪਰ ਪੂਰੀ ਕੀਤੀ ਜਾਵੇਗੀ।      

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ