ਘਰੇਲੂ ਹਿੰਸਾ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਜਾਗਰੂਕ ਹੋਣ ਦੀ ਲੋੜ-:ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ

ਮੋਗਾ,3 ਫਰਵਰੀ (ਜਸ਼ਨ)-ਅੱਜ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਦੀ ਅਗਵਾਈ ’ਚ ਮਹਿਲਾ ਕਾਂਗਰਸ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ । ਮੀਟਿੰਗ ਦੌਰਾਨ ਘਰੇਲੂ ਹਿੰਸਾਂ ਦੀ ਸ਼ਿਕਾਰ ਲੜਕੀ ਦੀਪਿਕਾ ਨੇ ਇਨਸਾਫ਼ ਦੀ ਮੰਗ ਕਰਦਿਆਂ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਇਕ ਮੰਗ ਪੱਤਰ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਜਿਸ ਕਰਕੇ ਉਹ ਚੋਰੀਆਂ ਕਰਦਾ ਹੈ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਹੈ । ਇਸ ਮੰਗ ਪੱਤਰ ਨੂੰ ਪ੍ਰਾਪਤ ਕਰਦਿਆਂ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਖਿਆ ਕਿ ਜਿਹੜੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਉਹ ਦੀਪਿਕਾ ਵਾਂਗ ਦਲੇਰੀ ਨਾਲ ਆਪਣੇ ਵਿਰੁੱਧ ਹੰੁਦੀਆਂ ਹਿੰਸਕ ਵਧੀਕੀਆਂ ਨੂੰ ਨਸ਼ਰ ਕਰਨ ਤਾਂ ਕਿ ਕਾਨੂੰਨੀ ਢੰਗ ਨਾਲ ਲੜਕੀਆਂ ਨੂੰ ਇਨਸਾਫ਼ ਦਿੱਤਾ ਜਾ ਸਕੇ। ਵੀਰਪਾਲ ਜੌਹਲ ਨੇ ਆਖਿਆ ਕਿ ਔਰਤਾਂ ਨੂੰ ਕੋਈ ਵੀ ਵਿਅਕਤੀ ਤੰਗ ਪ੍ਰੇਸ਼ਾਨ ਕਰਦਾ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲੇ ਵਿੱਚ ਕਿਸੇ ਵੀ ਮਹਿਲਾ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪੀੜਤ ਮਹਿਲਾ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਰੀਮਾ ਰਾਣੀ ਬਲਾਕ ਪ੍ਰਧਾਨ ਅਤੇ ਅਮਨਦੀਪ ਕੌਰ ,ਹਰਜੀਤ ਕੌਰ ਵਾਰਡ ਨੰਬਰ 40 ਦੀਆਂ ਮਹਿਲਾਵਾਂ ਹਾਜ਼ਰ ਸਨ ।
ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰੇਲੂ ਹਿੰਸਾਂ ਵਿਚ ਸਿਰਫ਼ ਸ਼ਰੀਰਕ ਦੁਵਿਵਹਾਰ ਹੀ ਨਹੀਂ ਬਲਕਿ ਜ਼ੁਬਾਨੀ ,ਭਾਵਨਾਤਮਕ,ਜਿਣਸੀ ਜਾਂ ਆਰਥਿਕ ਬਦਸਲੂਕੀ ਵੀ ਸ਼ਾਮਲ ਹੈ। ਉਹਨਾਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਉਹ ਇਸ ਤਰਾਂ ਦੇ ਹਿੰਸਾਤਮਕ ਵਰਤਾਰੇ ਨੂੰ ਰੋਕਣ ਲਈ ਜਾਗਰੂਕ ਹੋਣ ਅਤੇ ਅਜਿਹੇ ਵਿਅਕਤੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ।


