ਮਸ਼ਹੂਰ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਪੰਜਾਬੀ ਫਿਲਮ ‘ਡੰਗਰ ਡਾਕਟਰ’ ਦੀ ਪ੍ਰਮੋਸ਼ਨ ਲਈ ਪੁੱਜੇ ਗੋਲਡ ਕੋਸਟ ਕਲੱਬ,20 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ

ਮੋਗਾ, 15 ਅਕਤੂਬਰ (ਜਸ਼ਨ)-ਅੱਜ ਮੋਗਾ ਦੇ ਗੋਲਡ ਕੋਸਟ ਕਲੱਬ ਵਿਖੇ ਪੰਜਾਬੀ ਫਿਲਮ ‘ਡੰਗਰ ਡਾਕਟਰ’ ਦੀ ਪ੍ਰਮੋਸ਼ਨ ਲਈ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਅਤੇ ਫਿਲਮ ਦੇ ਅਦਾਕਾਰਾਂ ਦੀ ਟੀਮ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਕਲਾਕਾਰਾਂ ਦਾ ਸਵਾਗਤ ਗੋਲਡ ਕੋਸਟ ਕਲੱਬ ਦੇ ਐੱਮ ਡੀ ਅਤੇ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਕੀਤਾ । ਇਸ ਮੌਕੇ ਐੱਸ ਡੀ ਐੱਮ ਨਰਿੰਦਰਪਾਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਅਦਾਕਾਰ ਰਵਿੰਦਰ ਗਰੇਵਾਲ ਨੇ ‘ਡੰਗਰ ਡਾਕਟਰ’ ਫਿਲਮ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਫਿਲਮ ਦੇ ਗੀਤ ਅਤੇ ਡਾਇਲੌਗ ਪਹਿਲਾਂ ਹੀ ਪੰਜਾਬੀਆਂ ਦੀ ਜ਼ੁਬਾਨ ’ਤੇ ਚੜਨ ਕਰਕੇ ਫਿਲਮ ਨੂੰ ਵੱਡੀ ਸਫਲਤਾ ਮਿਲਣ ਦਾ ਯਕੀਨ ਬੱਝਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਫਿਲਮਾਂ ਦਾ ਮਿਆਰ ਦਿਨ-ਬ-ਦਿਨ ਉੱਚਾ ਹੁੰਦਾ ਜਾਣ ਕਰਕੇ ਹੁਣ ਬੇਹੱਦ ਕਾਬਲ ਡਾਇਰੈਕਟਰ ਅਤੇ ਪ੍ਰੋਡਿੳੂਸਰ ਨਿੱਤ ਨਵੇਂ ਵਿਸ਼ਿਆਂ ’ਤੇ ਫਿਲਮਾਂ ਦਾ ਨਿਰਮਾਣ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਉਣ ਲੱਗੇ ਹਨ । ਉਹਨਾਂ ਆਖਿਆ ਕਿ ‘ਡੰਗਰ ਡਾਕਟਰ’ ਫਿਲਮ ਵਿਚ ਵੀ ਜਾਨਵਰਾਂ ਪ੍ਰਤੀ ਇਨਸਾਨੀਅਤ ਭੁਰਪੂਰ ਰਵੱਈਆ ਅਖਤਿਆਰ ਕੀਤੇ ਜਾਣ ਦੇ ਵਿਸ਼ੇ ਨੂੰ ਸੂਖਮ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵਿਵੇਕ ਓਹਰੀ ਵੱਲੋਂ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ‘ਡੰਗਰ ਡਾਕਟਰ’ ਦੇ ਨਿਰਦੇਸ਼ਨਕ ਅਧਰਵ ਬਲੂਜ ਹਨ ਅਤੇ ਉਹਨਾਂ ਵੱਲੋਂ ਹੀ ਲਿਖੀ ਕਹਾਣੀ ਸਦਕਾ ਫਿਲਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸ਼ਕਾਂ ਨੂੰ ਬੰਨ ਕੇ ਰੱਖਣ ਵਿਚ ਸਫਲ ਰਹੇਗੀ । ਉਹਨਾਂ ਦੱਸਿਆ ਕਿ ਫਿਲਮ ਦੇ ਡਾਇਲੌਗ ਜਤਿੰਦਰ ਲੱਲ ਨੇ ਲਿਖੇ ਹਨ ।
ਜ਼ਿਕਰਯੋਗ ਹੈ ਕਿ ਫਿਲਮ ਦੇ ਹੀਰੋ ਰਵਿੰਦਰ ਗਰੇਵਾਲ ਖੁਦ ਹਨ ਅਤੇ ਸਾਰਾ ਗੁਰਪਾਲ ਅਤੇ ਗੀਤ ਗੰਭੀਰ ਨੇ ਹੀਰੋਇਨਾਂ ਵਜੋਂ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ । ਫਿਲਮ ਵਿਚ ਬੀ ਐੱਨ ਸ਼ਰਮਾ, ਉੱਘੇ ਰੰਗਕਰਮੀ ਸਰਦਾਰ ਸੋਹੀ, ਕਰਮਜੀਤ ਅਨਮੋਲ, ਰਾਜੀਵ ਠਾਕੁਰ ਅਤੇ ਹੌਬੀ ਧਾਲੀਵਾਲ ਆਦਿ ਨੇ ਵੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਫਿਲਮ ਨੂੰ ਚਾਰ ਚੰਨ ਲਗਾਏ ਹਨ । ਪ੍ਰੈਸ ਕਾਨਫਰੰਸ ਦੌਰਾਨ ਪ੍ਰੌੜ ਰੰਗਕਰਮੀ ਸਰਦਾਰ ਸੋਹੀ ਨੇ ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੇ ਸ਼ੋਸ਼ਣ ਕਰਨ ਕਰਕੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਅਲੋਪ ਹੋ ਚੁੱਕੀਆਂ ਹਨ ਅਤੇ ਸ਼ੇਰ ਚੀਤੇ ਵਰਗੇ ਜਾਨਵਰਾਂ ਦੀ ਹੋਂਦ ’ਤੇ ਵੀ ਤਲਵਾਰ ਲਟਕ ਰਹੀ ਹੈ,ਇਸੇ ਕਰਕੇ ਇਸ ਫਿਲਮ ਰਾਹੀਂ ਮਨੁੱਖਤਾ ਨੂੰ ਜਾਨਵਰਾਂ ਪ੍ਰਤੀ ਹਮਦਰਦੀ ਅਤੇ ਸਹਿਯੋਗ ਵਾਲਾ ਵਤੀਰਾ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਗਿਆ ਹੈ।


