ਅਧਿਕਾਰੀ ਅਤੇ ਕਰਮਚਾਰੀ ਸੂਚਨਾ ਅਧਿਕਾਰ ਐਕਟ ਨੂੰ ਹਊਆ ਨਾ ਸਮਝਣ- ਰਾਜੇਸ਼ ਤਿ੍ਰਪਾਠੀ

*ਮਗਸੀਪਾ ਵੱਲੋਂ 2 ਦਿਨਾਂ ਆਰ.ਟੀ.ਆਈ. ਵਰਕਸ਼ਾਪ ਸਮਾਪਤ
ਮੋਗਾ 25 ਜੁਲਾਈ (ਜਸ਼ਨ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰਾਂ ਅਤੇ ਸਹਾਇਕ ਲੋਕ ਸੂਚਨਾ ਅਫ਼ਸਰਾਂ ਨੂੰ ਕਿਹਾ ਕਿ ਸੂਚਨਾ ਅਧਿਕਾਰ ਐਕਟ ਨੂੰ ਹਊਆ ਨਹੀਂ ਸਮਝਣਾ ਚਾਹੀਦਾ। ਉਨਾਂ ਇਹ ਵੀ ਕਿਹਾ ਕਿ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਦਿਆਂ ਦਫ਼ਤਰੀ ਰਿਕਾਰਡ ਨੂੰ ਤਰਤੀਬਵਾਰ ਅਤੇ ਉੱਚਿਤ ਢੰਗ ਨਾਲ ਮੇਨਟੇਨ ਕਰਕੇ ਕਿਸੇ ਕਿਸਮ ਦੀ ਸੂਚਨਾ ਦੇਣ ‘ਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। ਸ੍ਰੀ ਤਿ੍ਰਪਾਠੀ ਅੱਜ ਇੱਥੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾ ਮੈਗਸੀਪਾ ਦੇ ਖੇਤਰੀ ਦਫ਼ਤਰ ਬਠਿੰਡਾ ਵੱਲੋਂ ਆਯੋਜਿਤ ਸੂਚਨਾ ਦੇ ਅਧਿਕਾਰ ਐਕਟ ਤਹਿਤ ਦੋ ਦਿਨਾਂ ਵਰਕਸ਼ਾਪ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਸੂਚਨਾ ਦਾ ਅਧਿਕਾਰ ਕਾਨੂੰਨ ਜਨ ਹਿੱਤ ਵਿਚ ਬਣਾਇਆ ਗਿਆ ਹੈ, ਤਾਂ ਜੋ ਆਮ ਲੋਕਾਂ ਨੂੰ ਸਰਕਾਰ ਬਾਰੇ ਹਰ ਸੂਚਨਾ ਪ੍ਰਾਪਤ ਕਰ ਸਕਣ ਦਾ ਹੱਕ ਮਿਲ ਸਕੇ। ਉਨਾਂ ਕਿਹਾ ਕਿ ਹਰ ਅਧਿਕਾਰੀ/ਕ੍ਰਮਚਾਰੀ ਨੂੰ ਸੂਚਨਾ ਦੇ ਅਧਿਕਾਰ ਐਕਟ ਸਬੰਧੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਉਨਾਂ ਨੇ ਲੋਕ ਸੂਚਨਾ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਆਉਣ ਵਾਲੀ ਹਰ ਇੱਕ ਅਰਜ਼ੀ ਦਾ ਨਿਪਟਾਰਾ ਕਾਨੂੰਨ ਅਨੁਸਾਰ ਤੈਅ ਸਮਾਂ ਹੱਦ ਵਿਚ ਕੀਤਾ ਜਾਵੇ। ਉਨਾਂ ਮਗਸੀਪਾ ਤੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਆਰ.ਟੀ.ਆਈ ਇੰਚਾਰਜ ਮਗਸੀਪਾ ਚੰਡੀਗੜ ਸ. ਜਰਨੈਲ ਸਿੰਘ ਨੇ ਆਖਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰਾਂ ਅਤੇ ਉਨਾਂ ਦੇ ਸਹਾਇਕਾਂ ਨੂੰ ਇਸ ਕਾਨੂੰਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਇਹ ਕਾਨੂੰਨ ਅਧਿਕਾਰੀਆਂ ਲਈ ਹਊਆ ਨਾ ਰਹੇ ਸਗੋਂ ਉਹ ਬਿਹਤਰ ਤਰੀਕੇ ਨਾਲ ਅਤੇ ਤੇਜ਼ੀ ਨਾਲ ਸੂਚਨਾਵਾਂ ਮੁਹਈਆ ਕਰਵਾ ਸਕਣ। ਇਸ ਮੌਕੇ ਸ: ਮਨਦੀਪ ਸਿੰਘ ਪ੍ਰੋਜੈਕਟ ਕੋ-ਆਰਡੀਨੇਟਰ ਮਗਸੀਪਾ, ਐਡਵੋਕੇਟ ਕਸਮੀਰੀ ਲਾਲ ਅਤੇ ਡਾ: ਜਗਸੀਰ ਸਿੰਘ ਨੇ ਆਰ.ਟੀ.ਆਈ. ਕਾਨੂੰਨ ਸਬੰਧੀ ਅਤੇ ਇਸ ਦੇ ਹਰ ਇੱਕ ਪੱਖ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅਧਿਕਾਰੀਆਂ ਦੇ ਸੂਚਨਾ ਅਧਿਕਾਰ ਐਕਟ ਸਬੰਧੀ ਵੱਖ-ਵੱਖ ਪ੍ਰਸ਼ਨਾਂ ਪ੍ਰਤੀ ਪ੍ਰੋਫ਼ਾਰਮੇ ਭਰਵਾ ਕੇ ਬਾਰੀਕੀ ਨਾਲ ਸੰਨੂੰ ਵੀ ਦੂਰ ਕੀਤਾ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਮੈਡਮ ਸਵਿਤਾ, ਸਹਾਇਕ ਸਿਵਲ ਸਰਜਨ ਡਾ: ਅਰੁਣ ਗੁਪਤਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।